ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਜਾਰੀ ਹੈ । ਹਾਲਾਂਕਿ ਦੋਵਾਂ ਦੇਸ਼ ਵਿਚਾਲੇ ਗੱਲਬਾਤ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਪਰ ਗੱਲ ਬਣ ਨਹੀਂ ਰਹੀ ਹੈ। ਪਰ ਹੁਣ ਇੱਕ ਅਜਿਹੀ ਖ਼ਬਰ ਆਈ ਹੈ ਜੋ ਥੋੜ੍ਹੀ ਰਾਹਤ ਭਰੀ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਜਲਦੀ ਹੀ ਖ਼ਤਮ ਹੋ ਸਕਦੀ ਹੈ। ਸੂਤਰਾਂ ਅਨੁਸਾਰ ਅਮਰੀਕਾ ਅਤੇ ਇਰਾਨ ਜੰਗ ਖ਼ਤਮ ਕਰਨ ਨੂੰ ਲੈ ਕੇ ‘ਵਨ-ਪੇਜ ਮੈਮੋਰੰਡਮ’ (ਇੱਕ ਪੰਨੇ ਦੇ ਸਮਝੌਤੇ) ਦੇ ਬਹੁਤ ਕਰੀਬ ਪਹੁੰਚ ਰਹੇ ਹਨ।
ਮੀਡੀਆ ਰਿਪੋਰਟਸ ਅਨੁਸਾਰ ਈਰਾਨ ਅਤੇ ਅਮਰੀਕਾ ਹੁਣ ਹੌਲੀ-ਹੌਲੀ ਇੱਕ ਸਮਝੌਤੇ ਵੱਲ ਵਧ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਜਾਰੀ ਤਣਾਅ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਇੱਕ ਨਵੀਂ ਪਹਿਲ ਸਾਹਮਣੇ ਆਈ ਹੈ। ਦੋਵੇਂ ਦੇਸ਼ 14-ਨੁਕਾਤੀ ਢਾਂਚੇ ‘ਤੇ ਕੰਮ ਕਰ ਰਹੇ ਹਨ, ਜਿਸ ਦੇ ਤਹਿਤ ਆਪਸੀ ਗੱਲਬਾਤ ਨੂੰ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਜੇਕਰ ਇਸ ‘ਤੇ ਸਹਿਮਤੀ ਬਣ ਜਾਂਦੀ ਹੈ, ਤਾਂ ਹੋਰਮੁਜ਼ (ਜਲਡਮਰੂ) ਦੁਬਾਰਾ ਖੁੱਲ੍ਹ ਜਾਵੇਗਾ, ਇਰਾਨ ‘ਤੇ ਲੱਗੀਆਂ ਅਮਰੀਕੀ ਪਾਬੰਦੀਆਂ ਹਟ ਜਾਣਗੀਆਂ ਅਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ‘ਤੇ ਰੋਕ ਲਗਾਉਣ ਬਾਰੇ ਗੱਲਬਾਤ ਸ਼ੁਰੂ ਹੋ ਜਾਵੇਗੀ।ਅਮਰੀਕਾ ਨੂੰ ਉਮੀਦ ਹੈ ਕਿ ਅਗਲੇ 48 ਘੰਟਿਆਂ ਵਿੱਚ ਇਰਾਨ ਵੱਲੋਂ ਜਵਾਬ ਆ ਜਾਵੇਗਾ।
ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਟਰੰਪ ਨੇ ਤਹਿਰਾਨ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਧਮਕੀ ਦਿੱਤੀ ਕਿ ਜੇਕਰ ਕੋਈ ਸਮਝੌਤਾ ਨਾ ਹੋਇਆ ਤਾਂ ਬੰਬਾਰੀ ਦੀ ਇੱਕ ਨਵੀਂ ਲਹਿਰ ਸ਼ੁਰੂ ਹੋ ਜਾਵੇਗੀ। ਟਰੰਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਕਿ ਦੋ ਮਹੀਨਿਆਂ ਤੋਂ ਚੱਲ ਰਹੀ ਇਹ ਜੰਗ ਜਲਦੀ ਹੀ ਖ਼ਤਮ ਹੋ ਸਕਦੀ ਹੈ ਅਤੇ ਇਸ ਟਕਰਾਅ ਕਾਰਨ ਤੇਲ ਅਤੇ ਕੁਦਰਤੀ ਗੈਸ ਦੀ ਜਿਹੜੀ ਖੇਪ ਰੁਕ ਗਈ ਸੀ, ਉਹ ਫਿਰ ਤੋਂ ਸ਼ੁਰੂ ਹੋ ਸਕਦੀ ਹੈ। ਪਰ ਉਨ੍ਹਾਂ ਨੇ ਕਿਹਾ ਕਿ ਇਹ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਈਰਾਨ ਉਸ ਕਥਿਤ ਸਮਝੌਤੇ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ, ਜਿਸ ਬਾਰੇ ਰਾਸ਼ਟਰਪਤੀ ਨੇ ਵਿਸਥਾਰ ਵਿੱਚ ਨਹੀਂ ਦੱਸਿਆ।
ਇਸ ਤੋਂ ਇਲਾਵਾ ਟਰੰਪ ਨੇ ਕਿਹਾ ਕਿ ਅਸੀਂ ਇਰਾਨ ਨੂੰ ਪ੍ਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਨਹੀਂ ਦੇਵਾਂਗੇ। ਅਸੀਂ ਅਜਿਹੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ ਜੋ ਸਮਝੌਤਾ ਕਰਨਾ ਚਾਹੁੰਦੇ ਹਨ। ਹੁਣ ਦੇਖਣਾ ਇਹ ਹੈ ਕਿ ਕੀ ਉਹ ਅਜਿਹਾ ਸਮਝੌਤਾ ਕਰ ਪਾਉਂਦੇ ਹਨ ਜੋ ਸਾਡੇ ਲਈ ਤਸੱਲੀਬਖਸ਼ ਹੋਵੇ। ਸਥਿਤੀ ਸਾਡੇ ਕੰਟਰੋਲ ਵਿੱਚ ਹੈ। ਅਮਰੀਕੀ ਜਲ ਸੈਨਾ ਨੇ ਸ਼ਾਨਦਾਰ ਕੰਮ ਕੀਤਾ ਹੈ। ਇਹ ਸਟੀਲ ਦੀ ਕੰਧ ਵਾਂਗ ਹੈ। ਖਾਸ ਕਰਕੇ ਇਰਾਨੀ ਜਹਾਜ਼ ਇਸ ਵਿੱਚੋਂ ਨਹੀਂ ਲੰਘ ਪਾ ਰਹੇ। ਨਾਕਾਬੰਦੀ ਬਹੁਤ ਜ਼ਬਰਦਸਤ ਤੇ ਅਵਿਸ਼ਵਾਸਯੋਗ ਹੈ।

