ਸੈਲਾਨੀਆਂ ਨਾਲ ਭਰਿਆ ਕਰੂਜ਼ ਡੁੱਬਿਆ, 5 ਮੌਤਾਂ; NDRF – SDRF ਵੱਲੋਂ ਲਾਪਤਾ ਲੋਕਾਂ ਦੀ ਭਾਲ ਤੇਜ਼

Global Team
3 Min Read

ਮੱਧ ਪ੍ਰਦੇਸ਼: ਜਬਲਪੁਰ ਵਿੱਚ ਨਰਮਦਾ ਨਦੀ ‘ਤੇ ਬਣੇ ਬਰਗੀ ਡੈਮ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ। ਐਮਪੀ ਟੂਰਿਜ਼ਮ ਦਾ ਸੈਲਾਨੀਆਂ ਨਾਲ ਭਰਿਆ ਕਰੂਜ਼ ਤੇਜ਼ ਹਨੇਰੀ ਅਤੇ ਤੂਫ਼ਾਨ ਦਰਮਿਆਨ ਡੁੱਬ ਗਿਆ। ਸ਼ੁੱਕਰਵਾਰ ਸਵੇਰ ਤੱਕ 5 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

ਪੁਲਿਸ ਅਤੇ ਪ੍ਰਸ਼ਾਸਨ ਅਨੁਸਾਰ ਕਰੂਜ਼ ਵਿੱਚ ਕਰੀਬ 40 ਤੋਂ 45 ਸੈਲਾਨੀ ਸਵਾਰ ਸਨ। ਇਹ ਘਟਨਾ ਬੀਤੀ ਦੇਰ ਸ਼ਾਮ ਵਾਪਰੀ। ਹਾਦਸਾ ਡੈਮ ਦੇ ਕਿਨਾਰੇ ਤੋਂ ਲਗਭਗ 300 ਮੀਟਰ ਅੰਦਰ ਹੋਇਆ। ਤੇਜ਼ ਹਵਾਵਾਂ ਅਤੇ ਮੀਂਹ ਕਾਰਨ ਕਰੂਜ਼ ਬੇਕਾਬੂ ਹੋ ਕੇ ਡੁੱਬ ਗਿਆ।ਬਰਗੀ ਸਿਟੀ ਦੇ ਸੀਐਸਪੀ ਅੰਜੁਲ ਮਿਸ਼ਰਾ ਨੇ ਦੱਸਿਆ ਕਿ ਸ਼ੁਰੂਆਤੀ ਰੇਸਕਿਊ ਦੌਰਾਨ SDRF ਨੇ ਕਈ ਲੋਕਾਂ ਨੂੰ ਬਚਾਇਆ, ਪਰ ਹਨੇਰੇ ਅਤੇ ਖਰਾਬ ਮੌਸਮ ਕਾਰਨ ਰਾਹਤ ਕਾਰਜ ਪ੍ਰਭਾਵਿਤ ਹੋਏ। ਸ਼ੁੱਕਰਵਾਰ ਸਵੇਰ ਤੋਂ ਬਚਾਅ ਕਾਰਜ ਦੁਬਾਰਾ ਜਾਰੀ ਹੈ।

ਜਬਲਪੁਰ ਕਰੂਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5 ਤੱਕ ਪਹੁੰਚ ਗਈ ਹੈ, ਜਦਕਿ ਹੁਣ ਤੱਕ ਕਰੀਬ 15 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਉੱਥੇ ਹੀ, 9 ਤੋਂ ਵੱਧ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ, ਜਿਨ੍ਹਾਂ ਦੀ ਭਾਲ ਲਈ ਬਚਾਅ ਕਾਰਜ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਕਰੂਜ਼ ਡੈਮ ਦੇ ਡੂੰਘੇ ਪਾਣੀ ਵਿੱਚ ਕਰੀਬ 20 ਮੀਟਰ ਹੇਠਾਂ ਫਸਿਆ ਹੋਇਆ ਹੈ, ਜਿਸ ਕਾਰਨ ਬਚਾਅ ਕਾਰਜ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਫਿਲਹਾਲ ਸਥਾਨਕ ਪ੍ਰਸ਼ਾਸਨ, NDRF ਅਤੇ ਗੋਤਾਖੋਰਾਂ ਦੀਆਂ ਟੀਮਾਂ ਮੌਕੇ ‘ਤੇ ਮੌਜੂਦ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ। ਸਵੇਰ ਹੁੰਦੇ ਹੀ ਜਬਲਪੁਰ ਵਿੱਚ ਰਾਹਤ ਅਤੇ ਬਚਾਅ ਕਾਰਜ ਹੋਰ ਤੇਜ਼ ਕਰ ਦਿੱਤੇ ਗਏ। ਘਟਨਾ ਸਥਾਨ ਤੋਂ ਆਈਆਂ ਤਸਵੀਰਾਂ ਵਿੱਚ ਬਚਾਅ ਟੀਮਾਂ ਨੂੰ ਲਗਾਤਾਰ ਪਾਣੀ ਵਿੱਚ ਖੋਜੀ ਮੁਹਿੰਮ ਚਲਾਉਂਦੇ ਦੇਖਿਆ ਗਿਆ।

ਕਰੂਜ਼ ਪਾਇਲਟ ਮਹੇਸ਼ ਨੇ ਦੱਸਿਆ ਕਿ ਉਹ 10 ਸਾਲਾਂ ਤੋਂ ਸੇਵਾ ਨਿਭਾ ਰਿਹਾ ਹੈ ਅਤੇ ਓਥੇ ਸਾਰੇ ਸੁਰੱਖਿਆ ਉਪਕਰਨ ਮੌਜੂਦ ਸਨ, ਪਰ ਤੂਫ਼ਾਨ ਇੰਨੀ ਤੇਜ਼ੀ ਨਾਲ ਆਇਆ ਕਿ ਯਾਤਰੀਆਂ ਨੂੰ ਲਾਈਫ ਜੈਕਟਾਂ ਪਾਉਣ ਦਾ ਮੌਕਾ ਤਕ ਨਹੀਂ ਮਿਲਿਆ। ਅਧਿਕਾਰੀਆਂ ਅਨੁਸਾਰ ਮ੍ਰਿਤਕਾਂ ਅਤੇ ਲਾਪਤਾ ਲੋਕਾਂ ਦੀ ਗਿਣਤੀ ਵਿੱਚ ਬਦਲਾਅ ਸੰਭਵ ਹੈ ਕਿਉਂਕਿ ਬਚਾਅ ਕਾਰਜ ਅਜੇ ਵੀ ਜਾਰੀ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ 

Share This Article
Leave a Comment