ਨਵੀ ਦਿੱਲੀ : ਭਾਰਤ ਵਿੱਚ ਵਧਦੇ ਡਿਜੀਟਲ ਫਰਾਡ ਨੂੰ ਦੇਖਦੇ ਹੋਏ WhatsApp ਨੇ ਵੱਡਾ ਕਦਮ ਚੁੱਕਿਆ ਹੈ। ਜਨਵਰੀ 2026 ਤੋਂ ਸ਼ੁਰੂ ਹੋਏ 12 ਹਫ਼ਤਿਆਂ ਵਿੱਚ ਕੰਪਨੀ ਨੇ 9,400 ਤੋਂ ਵੱਧ ਅਕਾਊਂਟ ਬੰਦ ਕਰ ਦਿੱਤੇ ਹਨ। ਇਹ ਅਕਾਊਂਟ “ਡਿਜੀਟਲ ਅਰੈਸਟ” ਵਰਗੇ ਸਕੈਮ ਵਿੱਚ ਸ਼ਾਮਲ ਸਨ। ਸਰਕਾਰ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਇਹ ਕਾਰਵਾਈ ਵੱਖ-ਵੱਖ ਏਜੰਸੀਆਂ ਨਾਲ ਮਿਲ ਕੇ ਕੀਤੀ ਗਈ ਹੈ। WhatsApp ਹੁਣ ਅਜਿਹੇ ਫਰਾਡ ਨੂੰ ਫੜਨ ਲਈ ਨਵੇਂ ਟੂਲ ਵੀ ਵਰਤ ਰਿਹਾ ਹੈ, ਤਾਂ ਜੋ ਅੱਗੇ ਤੋਂ ਅਜਿਹੇ ਮਾਮਲਿਆਂ ਨੂੰ ਜਲਦੀ ਰੋਕਿਆ ਜਾ ਸਕੇ।
ਵ੍ਹਾਟਸਐਪ ਦੀ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਕਈ ਫਰਜ਼ੀ ਅਕਾਊਂਟ ਦੱਖਣੀ-ਪੂਰਬੀ ਏਸ਼ੀਆ, ਖ਼ਾਸ ਕਰਕੇ ਕੰਬੋਡੀਆ ਤੋਂ ਚਲਾਏ ਜਾ ਰਹੇ ਸਨ। ਇਸ ਸਕੈਮ ਵਿੱਚ ਠੱਗ ਆਪਣੇ ਆਪ ਨੂੰ ਪੁਲਿਸ ਜਾਂ ਸਰਕਾਰੀ ਅਫਸਰ ਦੱਸ ਕੇ ਲੋਕਾਂ ਨੂੰ ਡਰਾਉਂਦੇ ਸਨ। ਉਹ ਆਪਣਾ ਨਾਮ “Delhi Police”, “CBI” ਜਾਂ “Mumbai HQ” ਵਰਗਾ ਰੱਖਦੇ ਸਨ ਤਾਂ ਜੋ ਸਾਹਮਣੇ ਵਾਲਾ ਭਰੋਸਾ ਕਰ ਲਵੇ। ਇੰਨਾ ਹੀ ਨਹੀਂ, ਇਹ ਲੋਕ ਅਸਲੀ ਵਰਗੇ ਦਿਖਣ ਵਾਲੇ ਲੋਗੋ ਅਤੇ ਪ੍ਰੋਫਾਈਲ ਫੋਟੋਆਂ ਦਾ ਵੀ ਇਸਤੇਮਾਲ ਕਰਦੇ ਸਨ ਜਿਸ ਨਾਲ ਪੀੜਤਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨਾਲ ਕੋਈ ਸਰਕਾਰੀ ਏਜੰਸੀ ਸੰਪਰਕ ਕਰ ਰਹੀ ਹੈ। ਫਿਰ ਲੋਕਾਂ ਨੂੰ ਕਾਲ ਜਾਂ ਮੈਸੇਜ ਕਰਕੇ ਪੈਸੇ ਮੰਗਦੇ ਸਨ। ਕਈ ਲੋਕ ਡਰ ਦੇ ਕਾਰਨ ਪੈਸੇ ਭੇਜ ਵੀ ਦਿੰਦੇ ਸਨ।
ਵ੍ਹਟਸਐਪ ਇਨ੍ਹਾਂ ਸਕੈਮਾਂ ਨੂੰ ਰੋਕਣ ਲਈ ਕਈ ਨਵੇਂ ਕਦਮ ਚੁੱਕ ਰਿਹਾ ਹੈ। WhatsApp ਹੁਣ ਅਜਿਹੇ ਫਰਾਡ ਰੋਕਣ ਲਈ ਨਵੇਂ ਫੀਚਰਸ ਲਿਆ ਰਿਹਾ ਹੈ। ਜੇਕਰ ਕੋਈ ਅਣਜਾਣ ਨੰਬਰ ਤੋਂ ਪਹਿਲੀ ਵਾਰ ਮੈਸੇਜ ਕਰੇਗਾ, ਤਾਂ ਤੁਹਾਨੂੰ ਚੇਤਾਵਨੀ ਦਿਖਾਈ ਦੇਵੇਗੀ। ਹੁਣ ਤੁਸੀਂ ਇਹ ਵੀ ਦੇਖ ਸਕੋਗੇ ਕਿ ਉਸ ਅਕਾਊਂਟ ਨੂੰ ਬਣੇ ਕਿੰਨਾ ਸਮਾਂ ਹੋਇਆ ਹੈ। ਇਸ ਤੋਂ ਇਲਾਵਾ, ਰਿਸਕੀ ਚੈਟ ਵਿੱਚ ਪ੍ਰੋਫਾਈਲ ਫੋਟੋ ਲੁਕਾਈ ਜਾ ਸਕਦੀ ਹੈ ਅਤੇ ਅਣਜਾਣ ਕਾਲਾਂ ਬਾਰੇ ਜ਼ਿਆਦਾ ਜਾਣਕਾਰੀ ਮਿਲੇਗੀ। ਕੰਪਨੀ ਨੇ ਇਹ ਵੀ ਕਿਹਾ ਕਿ ਉਸਨੇ ਇੱਕ ਅਜਿਹਾ ਸਿਸਟਮ ਬਣਾਇਆ ਹੈ ਜੋ ਵਾਰ-ਵਾਰ ਫਰਾਡ ਕਰਨ ਵਾਲਿਆਂ ਦੀ ਪਛਾਣ ਕਰ ਲੈਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

