ਅਚਾਨਕ ਈਰਾਨ ਪਹੁੰਚੇ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ; ਅਮਰੀਕਾ ਤੇ ਇਰਾਨ ਵਿਚਾਲੇ ਫਿਰ ਹੋਵੇਗੀ ਸ਼ਾਂਤੀ ਵਾਰਤਾ!

Global Team
3 Min Read

ਤੇਹਰਾਨ : ਅਮਰੀਕਾ ਅਤੇ ਈਰਾਨ ਵਿਚਾਲੇ ਦੂਜੇ ਦੌਰ ਦੀ ਗੱਲਬਾਤ ਨੂੰ ਲੈ ਕੇ ਤਿਆਰੀਆਂ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਆਸਿਮ ਮੁਨੀਰ ਈਰਾਨ ਪਹੁੰਚੇ ਹਨ। ਮੁਨੀਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੂਤ ਬਣ ਕੇ ਈਰਾਨ ਪਹੁੰਚੇ ਹਨ, ਜਿੱਥੇ ਉਹ ਅਮਰੀਕਾ ਦਾ ਪ੍ਰਸਤਾਵ ਰੱਖਣਗੇ। ਹਾਲ ਹੀ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਇੱਕ ਤੋਂ ਦੋ ਦਿਨਾਂ ਵਿੱਚ ਦੂਜੇ ਦੌਰ ਦੀ ਗੱਲਬਾਤ ਸ਼ੁਰੂ ਹੋ ਜਾਵੇਗੀ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਮੱਧ ਪੂਰਬ ਵਿੱਚ ਤਣਾਅ ਨੂੰ ਘੱਟ ਕਰ ਸਕਦਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦਾ ਇੱਕ ਦੌਰ ਹੋਇਆ ਸੀ ਪਰ ਉਹ ਗੱਲਬਾਤ ਅਸਫਲ ਸਾਬਤ ਹੋਈ ਸੀ। ਤੇਹਰਾਨ ਪਹੁੰਚੇ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਦਾ ਸਵਾਗਤ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਕੀਤਾ।

ਦੂਜੇ ਪਾਸੇ ਟਰੰਪ ਨੇ ਹਾਲ ਹੀ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਨੂੰ ਸੁਚਾਰੂ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਮੁਨੀਰ ਦੀ ਪ੍ਰਸ਼ੰਸਾ ਕੀਤੀ ਸੀ। ਇਹ ਮੰਨਿਆ ਜਾਂਦਾ ਹੈ ਕਿ ਮੁਨੀਰ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਨੂੰ ਮੁੜ ਸੁਰਜੀਤ ਕਰਨ ਵਿੱਚ ਭੂਮਿਕਾ ਨਿਭਾਉਣ ਲਈ ਤਹਿਰਾਨ ਗਏ ਹਨ।

ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਪਾਕਿਸਤਾਨੀ ਵਫਦ ਅਮਰੀਕਾ ਦਾ ਪ੍ਰਸਤਾਵ ਲੈ ਕੇ ਤੇਹਰਾਨ ਪਹੁੰਚਿਆ ਹੈ। ਜਦ ਇਸ ਤੋਂ ਪਹਿਲਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ 10 ਅਪ੍ਰੈਲ ਨੂੰ ਈਰਾਨ ਅਤੇ ਅਮਰੀਕਾ ਵਿਚਾਲੇ ਪਹਿਲੇ ਦੌਰ ਦੀ ਸ਼ਾਂਤੀ ਵਾਰਤਾ ਹੋਈ ਸੀ ਤਾਂ ਉਸ ਸਮੇਂ ਕੋਈ ਸਿੱਟਾ ਨਹੀਂ ਨਿਕਲ ਸਕਿਆ ਸੀ। ਹੁਣ ਦੋਵੇਂ ਦੇਸ਼ ਅਗਲੇ ਦੌਰ ਦੀ ਗੱਲਬਾਤ ਲਈ ਅੱਗੇ ਵਧ ਰਹੇ ਹਨ। ਟਰੰਪ ਨੇ ਉਸ ਦੌਰਾਨ ਕਿਹਾ ਸੀ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਅਸੀਂ ਵਾਪਸ ਉੱਥੇ (ਪਾਕਿਸਤਾਨ) ਹੀ ਜਾਵਾਂਗੇ।

ਐਕਸੀਓਸ ਦੇ ਅਨੁਸਾਰ ਅਮਰੀਕਾ ਅਤੇ ਈਰਾਨੀ ਵਾਰਤਾਕਾਰ ਇੱਕ ਸੰਭਾਵੀ ਸਮਝੌਤੇ ਦੇ ਨੇੜੇ ਆ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲੀਆ ਗੱਲਬਾਤ ਅਤੇ ਗੁਪਤ ਯਤਨਾਂ ਤੋਂ ਬਾਅਦ ਵਾਰਤਾਕਾਰ ਨੇੜੇ ਆ ਰਹੇ ਹਨ। ਪਾਕਿਸਤਾਨ, ਮਿਸਰ ਅਤੇ ਤੁਰਕੀ ਦੇ ਵਿਚੋਲੇ 21 ਅਪ੍ਰੈਲ ਦੀ ਜੰਗਬੰਦੀ ਦੀ ਆਖਰੀ ਮਿਤੀ ਤੋਂ ਪਹਿਲਾਂ ਮਤਭੇਦਾਂ ਨੂੰ ਸੁਲਝਾਉਣ ਵਿੱਚ ਮਦਦ ਕਰ ਰਹੇ ਹਨ, ਹਾਲਾਂਕਿ ਸਮਝੌਤੇ ਦੀ ਗਰੰਟੀ ਨਹੀਂ ਹੈ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment