ਨਿਊਜ਼ ਡੈਸਕ: ਪਿੰਡ ਬਕਾਪੁਰ ਗੁਰੂ ਦੇ ਖੇਡ ਮੈਦਾਨ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ। ਕ੍ਰਿਕਟ ਮੈਚ ਦੌਰਾਨ ਬਿਜਲੀ ਡਿੱਗਣ ਕਾਰਨ 16 ਸਾਲਾ ਤਰਨਵੀਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਹਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸਕੂਲ ਵਿੱਚ ਛੁੱਟੀ ਹੋਣ ਕਾਰਨ ਗਿਆਰਾਂ ਨੌਜਵਾਨ ਮੈਦਾਨ ਵਿੱਚ ਕ੍ਰਿਕਟ ਖੇਡ ਰਹੇ ਸਨ।
ਦੁਪਹਿਰ ਕਰੀਬ 12.30 ਵਜੇ ਅਸਮਾਨੀ ਬਿਜਲੀ ਡਿੱਗਣ ਕਾਰਨ ਤਰਨਵੀਰ ਸਿੰਘ (ਪੁੱਤਰ ਓਮਕਾਰ ਨਾਥ, ਵਾਸੀ ਰਸੂਲਪੁਰ, ਉਮਰ 16 ਸਾਲ), ਜੱਸੀ (ਪੁੱਤਰ ਲਕਸ਼ਮਣ ਦਾਸ, ਉਮਰ 17 ਸਾਲ) ਅਤੇ ਅੰਸ਼ ਲੋਈ (ਪੁੱਤਰ ਮੁਖਤਾਰ ਸਿੰਘ, ਉਮਰ 15 ਸਾਲ) ਬੁਰੀ ਤਰ੍ਹਾਂ ਝੁਲਸ ਗਏ ਹਨ। ਸਥਾਨਿਕ ਲੋਕਾਂ ਨੇ ਤਿੰਨਾਂ ਨੂੰ ਤੁਰੰਤ ਨਵਾਂਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਤਰਨਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਜ਼ਖਮੀ ਜੱਸੀ ਅਤੇ ਅੰਸ਼ ਲੋਈ ਦਾ ਇਲਾਜ ਚੱਲ ਰਿਹਾ ਹੈ ਅਤੇ ਦੋਵਾਂ ਨੂੰ ਖਤਰੇ ਤੋਂ ਬਾਹਰ ਦੱਸਦੇ ਹੋਏ ਡਾਕਟਰਾਂ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ। ਮ੍ਰਿਤਕ ਤਰਨਵੀਰ ਸਿੰਘ ਦੀ ਲਾਸ਼ ਨੂੰ ਨਿੱਜੀ ਹਸਪਤਾਲ ਤੋਂ ਸਿਵਲ ਹਸਪਤਾਲ ਗੜ੍ਹਸ਼ੰਕਰ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਕੱਲ੍ਹ ਸਵੇਰੇ ਉਸ ਦਾ ਪੋਸਟਮਾਰਟਮ ਕੀਤਾ ਜਾਵੇਗਾ।
ਤਰਨਵੀਰ ਸਿੰਘ ਦੇ ਪਿਤਾ ਓਮਕਾਰ ਨਾਥ ਪ੍ਰਾਈਵੇਟ ਬੱਸ ਚਲਾਉਂਦੇ ਹਨ, ਜਦੋਂਕਿ ਮਾਂ ਨਰੇਸ਼ ਕੁਮਾਰੀ ਪਿੰਡ ਦੀ ਪੰਚ ਹੈ। ਮ੍ਰਿਤਕ ਦਾ ਛੋਟਾ ਭਰਾ ਹਰਮਨਵੀਰ ਸਿੰਘ ਵੀ ਉਸੇ ਸਮੇਂ ਮੈਦਾਨ ‘ਤੇ ਖੇਡ ਰਿਹਾ ਸੀ ਪਰ ਉਹ ਵਾਲ-ਵਾਲ ਬਚ ਗਿਆ। ਇਸ ਹਾਦਸੇ ‘ਚ ਕੁੱਲ 9 ਨੌਜਵਾਨ ਵਾਲ-ਵਾਲ ਬਚ ਗਏ ਹਨ। ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ।

