ਨਿਊਜ਼ ਡੈਸਕ: ਕੈਨੇਡਾ ਦੇ ਸ਼ਹਿਰ ਸਰੀ ਵਿੱਚ ਸੰਗਠਿਤ ਅਪਰਾਧ ਨਾਲ ਸਬੰਧਿਤ ਗੋਲੀਬਾਰੀ ਵਿੱਚ ਭਾਰਤੀ ਮੂਲ ਦੇ 27 ਸਾਲਾ ਨੌਜਵਾਨ ਜਸਮਨ ਸੇਖੋਂ ਦੀ ਮੌਤ ਹੋ ਗਈ ਹੈ। ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਕਰੀਬ 6:39 ਵਜੇ ਸਰੀ ਦੇ ਸੁਲੀਵਾਨ ਹਾਈਟਸ ਇਲਾਕੇ ‘ਚ 60 ਐਵੇਨਿਊ ਦੇ 15100 ਬਲਾਕ ‘ਚ ਸਥਿਤ ਟਾਊਨ ਹਾਊਸ ਕੰਪਲੈਕਸ ‘ਚ ਵਾਪਰੀ ਹੈ।
ਸਥਾਨਿਕ ਪੁਲਿਸ ਅਨੁਸਾਰ ਜਦੋਂ ਸਰੀ ਪੁਲਿਸ ਸਰਵਿਸ ਦੇ ਅਧਿਕਾਰੀ ਗੋਲੀਬਾਰੀ ਵਾਲੀ ਥਾਂ ‘ਤੇ ਪਹੁੰਚੇ ਤਾਂ ਜਸਮਨ ਸੇਖੋਂ ਗੰਭੀਰ ਰੂਪ ‘ਚ ਜ਼ਖਮੀ ਪਾਇਆ ਗਿਆ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਆਈ.ਐਚ.ਆਈ.ਟੀ ਨੇ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਸੰਗਠਿਤ ਅਪਰਾਧ ਨਾਲ ਜੁੜੀ ਟਾਰਗੇਟ ਕਿਲਿੰਗ ਸੀ। ਸੇਖੋਂ ਦਾ ਪੁਲਿਸ ਨਾਲ ਪਹਿਲਾਂ ਸੰਪਰਕ ਸੀ ਅਤੇ ਉਸ ‘ਤੇ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਦਾ ਸ਼ੱਕ ਸੀ।
ਚਸ਼ਮਦੀਦਾਂ ਨੇ ਦੱਸਿਆ ਕਿ ਸੇਖੋਂ ਦਾ ਪਿੱਛਾ ਕਾਲੇ ਰੰਗ ਦੀ SUV ਨੇ ਕੀਤਾ। ਇਸ ਤੋਂ ਬਾਅਦ ਦੋ ਵਿਅਕਤੀਆਂ ਨੇ ਗੱਡੀ ਤੋਂ ਹੇਠਾਂ ਉਤਰ ਕੇ ਸੇਖੋਂ ‘ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਕਰੀਬ 15 ਮਿੰਟ ਬਾਅਦ ਨੇੜਲੇ ਇਲਾਕੇ ‘ਚ ਨੀਲੇ ਰੰਗ ਦੀ ਹੁੰਡਈ ਐਸਯੂਵੀ ਪੂਰੀ ਤਰ੍ਹਾਂ ਸੜੀ ਹੋਈ ਮਿਲੀ ਹੈ। ਪੁਲਿਸ ਵਾਹਨ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਹ ਗੋਲੀਬਾਰੀ ਨਾਲ ਜੁੜਿਆ ਹੋਇਆ ਹੈ।
IHIT ਦੇ ਸਾਰਜੈਂਟ ਫ੍ਰੇਡਾ ਫੋਂਗ ਨੇ ਕਿਹਾ: ਜਾਂਚਕਾਰ ਕਤਲ ਦੇ ਪੂਰੇ ਹਾਲਾਤਾਂ ਨੂੰ ਸਥਾਪਿਤ ਕਰਨ ਅਤੇ ਇਸ ਵਿੱਚ ਸ਼ਾਮਿਲ ਸਾਰੇ ਲੋਕਾਂ ਦੀ ਪਛਾਣ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ। ਅਸੀਂ ਇਲਾਕੇ ਦੇ ਕਿਸੇ ਵੀ ਵਿਅਕਤੀ ਨੂੰ ਅਪੀਲ ਕਰਦੇ ਹਾਂ ਕਿ ਜਿਸ ਕੋਲ ਕੋਈ ਵੀ ਵੀਡੀਓ ਫੁਟੇਜ ਹੈ, ਉਹ ਸਾਡੇ ਨਾਲ ਇਸ ਨੂੰ ਸਾਂਝਾ ਕਰਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

