ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ‘ਤੇ ਮੁਰੰਮਤ ਅਤੇ ਨਿਰਮਾਣ ਕਾਰਜ ਅਗਲੇ ਛੇ ਮਹੀਨਿਆਂ ਤੱਕ ਜਾਰੀ ਰਹੇਗਾ। ਇਸ ਸਮੇਂ ਦੌਰਾਨ ਦੁਪਹਿਰ 1:45 ਵਜੇ ਤੋਂ ਰਾਤ 9:45 ਵਜੇ ਤੱਕ ਕੋਈ ਵੀ ਉਡਾਣ ਨਹੀਂ ਚਲੇਗੀ ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਸਮਰ ਸ਼ਡਿਊਲ ਦੌਰਾਨ ਉਡਾਣਾਂ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਏਅਰਪੋਰਟ ਅਥਾਰਟੀ ਆਫ਼ ਇੰਡੀਆਨੇ NOTAM (ਨੋਟਿਸ ਟੂ ਏਅਰਮੈਨ) ਜਾਰੀ ਕਰਕੇ ਦੱਸਿਆ ਕਿ 1 ਅਪ੍ਰੈਲ ਤੋਂ 27 ਸਤੰਬਰ 2026 ਤੱਕ ਰਨਵੇਅ ਰੋਜ਼ਾਨਾ 8 ਘੰਟੇ ਬੰਦ ਰਹੇਗਾ। ਹਵਾਈ ਅੱਡਾ ਦੁਪਹਿਰ 1:45 ਵਜੇ ਤੋਂ ਲੈ ਕੇ ਰਾਤ 9:45 ਵਜੇ ਤੱਕ ਬੰਦ ਰਹੇਗਾ।
ਅੰਮ੍ਰਿਤਸਰ ਹਵਾਈ ਅੱਡੇ ਦੇ ਸਮਰ ਸ਼ਡਿਊਲ ਵਿੱਚ ਕੁੱਲ 62 ਉਡਾਣਾਂ ਸ਼ਾਮਲ ਹਨ। ਇਨ੍ਹਾਂ ਵਿੱਚੋਂ 40 ਘਰੇਲੂ ਅਤੇ 22 ਅੰਤਰਰਾਸ਼ਟਰੀ ਉਡਾਣਾਂ ਹਨ। ਇਸ ਸਮੇਂ ਦੌਰਾਨ ਕੋਈ ਵੀ ਉਡਾਣ ਨਹੀਂ ਚੱਲੇਗੀ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਮਾਂ ਜ਼ਰੂਰ ਚੈੱਕ ਕਰ ਲੈਣ।
ਦੱਸ ਦਈਏ ਕਿ ਇਸ ਸਮੇ ਦੌਰਾਨ 3658 ਮੀਟਰ ਲੰਬੇ ਰਨਵੇਅ ਦੀ ਮੁਰੰਮਤ ਕੀਤੀ ਜਾਵੇਗੀ। ਰਨਵੇਅ ਦੀ ਸਤਹ ਨੂੰ ਦੋ ਪਰਤਾਂ ਵਿੱਚ ਨਵਾਂ ਬਣਾਇਆ ਜਾਵੇਗਾ, ਤਾਂ ਜੋ ਵੱਡੇ ਜਹਾਜ਼ਾਂ ਦਾ ਸੰਚਾਲਨ ਸੁਰੱਖਿਅਤ ਰਹੇ ਰੋਜ਼ਾਨਾ ਕੰਮ ਤੋਂ ਬਾਅਦ ਰਾਤ 9:45 ਵਜੇ ਰਨਵੇਅ ਨੂੰ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਰਨਵੇਅ ਦੇ ਅੰਤ ਵਿੱਚ ਸਥਿਤ ‘ਓਵਰਰਨ’ (overrun) ਖੇਤਰ ਨੂੰ ਵੀ ਮਜ਼ਬੂਤ ਕੀਤਾ ਜਾਵੇਗਾ। ਇਸ ਨਾਲ ਐਮਰਜੈਂਸੀ ਦੀ ਸਥਿਤੀ ਵਿੱਚ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਅਤੇ ਟੇਕਆਫ ਯਕੀਨੀ ਹੋਵੇਗੀ।
ਰਨਵੇਅ ਦੇ ਦੋਵਾਂ ਸਿਰਿਆਂ (16 ਅਤੇ 34) ‘ਤੇ ਸੁਰੱਖਿਆ ਖੇਤਰ ਨੂੰ ਅੰਤਰਰਾਸ਼ਟਰੀ ਮਾਪਦੰਡਾਂ ਅਨੁਸਾਰ ਮਜ਼ਬੂਤ ਕੀਤਾ ਜਾਵੇਗਾ। ਇਸ ਨਾਲ ਜਹਾਜ਼ਾਂ ਦਾ ਸੰਚਾਲਨ ਹੋਰ ਵੀ ਸੁਰੱਖਿਅਤ ਹੋ ਜਾਵੇਗਾ। ਇਸ ਤੋਂ ਇਲਾਵਾ ਹਵਾਈ ਅੱਡੇ ਦੀਆਂ 2000 ਤੋਂ ਵੱਧ ਗੈਰ-ਐਲਈਡੀ ਲਾਈਟਾਂ ਨੂੰ ਆਧੁਨਿਕ ਐਲਈਡੀ ਲਾਈਟਾਂ ਨਾਲ ਬਦਲਿਆ ਜਾਵੇਗਾ। ਇਸ ਨਾਲ ਘੱਟ ਵਿਜ਼ੀਬਿਲਟੀ ਵਿੱਚ ਵੀ ਸੁਰੱਖਿਅਤ ਸੰਚਾਲਨ ਸੰਭਵ ਹੋਵੇਗਾ ਅਤੇ ਬਿਜਲੀ ਦੀ ਬੱਚਤ ਵੀ ਹੋਵੇਗੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

