ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਜਿੱਤ ਲਈ ਦਿੱਤੀ ਵਧਾਈ; ਕਿਹਾ – “ਤੁਸੀਂ ਸਾਰੇ ਦੇਸ਼ ਦਾ ਮਾਣ ਹੋ”

Global Team
3 Min Read

ਚੰਡੀਗੜ੍ਹ : ਭਾਰਤ ਨੇ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਵਿੱਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਕ੍ਰਿਕਟ ਟੀਮ ਨੂੰ ਜਿੱਤ ਲਈ ਵਧਾਈ ਦਿੱਤੀ ਹੈ ਉਨ੍ਹਾਂ ਨੇ ਟਵੀਟ ਕੀਤਾ ਕਿ “ਭਾਰਤੀ ਕ੍ਰਿਕਟ ਟੀਮ ਦੀ ਸ਼ਾਨਦਾਰ ਜਿੱਤ। ਟੀ-20 ਵਰਲਡ ਕੱਪ 2026 ਦੇ 18ਵੇਂ ਮੁਕਾਬਲੇ ਵਿੱਚ ਭਾਰਤੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਾਮੀਬੀਆ ਨੂੰ 93 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ। T20 ਵਰਲਡ ਕੱਪ ‘ਚ ਭਾਰਤ ਦੀ ਲਗਾਤਾਰ ਦੂਜੀ ਜਿੱਤ ਰਹੀ ਹੈ। ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ। ਤੁਸੀਂ ਸਾਰੇ ਦੇਸ਼ ਦਾ ਮਾਣ ਹੋ।”

ਦੱਸ ਦਈਏ ਕਿ ਭਾਰਤ ਨੇ ਵੀਰਵਾਰ ਨੂੰ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਮੁਕਾਬਲੇ ਵਿੱਚ ਨਾਮੀਬੀਆ ਨੂੰ 93 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਟੀ-20 ਵਰਲਡ ਕੱਪ ਵਿੱਚ ਲਗਾਤਾਰ 10ਵੀਂ ਜਿੱਤ ਦਰਜ ਕਰਕੇ ਇਤਿਹਾਸ ਰਚ ਦਿੱਤਾ। ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਨੇ ਟੀ-20 ਵਰਲਡ ਕੱਪ ਵਿੱਚ ਲਗਾਤਾਰ ਇੰਨੀਆਂ ਜਿੱਤਾਂ ਦਰਜ ਨਹੀਂ ਕੀਤੀਆਂ ਹਨ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨੌਂ ਵਿਕਟਾਂ ਗੁਆ ਕੇ 209 ਦੌੜਾਂ ਬਣਾਈਆਂ ਸਨ। ਈਸ਼ਾਨ ਕਿਸ਼ਨ ਨੇ 20 ਗੇਂਦਾਂ ਵਿੱਚ ਅਰਧ ਸੈਂਕੜਾ ਲਗਾਇਆ। 210 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਨਾਮੀਬੀਆ 18.2 ਓਵਰਾਂ ਵਿੱਚ 116 ਦੌੜਾਂ ‘ਤੇ ਆਲ ਆਊਟ ਹੋ ਗਿਆ। 93 ਦੌੜਾਂ ਦੀ ਇਹ ਜਿੱਤ ਭਾਰਤ ਦੀ ਟੀ-20 ਵਿਸ਼ਵ ਕੱਪ ਵਿੱਚ ਦੌੜਾਂ ਦੇ ਅੰਤਰ ਦੀ ਸਭ ਤੋਂ ਵੱਡੀ ਜਿੱਤ ਹੈ। ਪਿਛਲੀ ਸਭ ਤੋਂ ਵੱਡੀ ਜਿੱਤ 2012 ਵਿੱਚ ਕੋਲੰਬੋ ਵਿੱਚ ਇੰਗਲੈਂਡ ਖ਼ਿਲਾਫ਼ 90 ਦੌੜਾਂ ਨਾਲ ਸੀ। ਇਸ ਦੇ ਨਾਲ ਹੀ ਭਾਰਤ ਨੇ ਟੀ-20 ਫਾਰਮੈਟ ਵਿੱਚ ਰਿਕਾਰਡ 47ਵੀਂ ਵਾਰ 200 ਦਾ ਅੰਕੜਾ ਛੂਹਿਆ। ਇਸ ਮਾਮਲੇ ਵਿੱਚ ਭਾਰਤ ਸਿਖਰ ‘ਤੇ ਹੈ। ਉੱਥੇ ਹੀ, 29 ਵਾਰ 200 ਦਾ ਅੰਕੜਾ ਛੂਹਣ ਵਾਲੀ ਦੱਖਣੀ ਅਫਰੀਕੀ ਟੀਮ ਇਸ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment