“ਈਰਾਨ ਤੋਂ ਨਹੀਂ, ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ ਭਾਰਤ” – ਅਮਰੀਕੀ ਰਾਸ਼ਟਰਪਤੀ ਟਰੰਪ ਵੱਲੋਂ ਇਕ ਹੋਰ ਵੱਡਾ ਦਾਅਵਾ

Global Team
2 Min Read

ਨਵੀ ਦਿੱਲੀ : ਅਮਰੀਕੀ ਰਾਸ਼ਟਰਪਤੀ ਟਰੰਪ ਨੇ ਇੱਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਰਤ ਈਰਾਨ ਤੋਂ ਨਹੀਂ, ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ। ਇਸ ਬਿਆਨ ਨੂੰ ਅਮਰੀਕਾ ਅਤੇ ਈਰਾਨ ਵਿਚਕਾਰ ਵਧਦੇ ਤਣਾਅ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਤੇਲ ਖਰੀਦਣ ਲਈ ਇੱਕ ਸਮਝੌਤੇ ‘ਤੇ ਦਸਤਖਤ ਕਰ ਚੁੱਕਾ ਹੈ।

ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਈਰਾਨ ਤੋਂ ਕੱਚਾ ਤੇਲ ਖਰੀਦਣ ਦੀ ਬਜਾਏ ਵੈਨੇਜ਼ੁਏਲਾ ਤੋਂ ਤੇਲ ਆਯਾਤ ਕਰੇਗਾ। ਫਲੋਰੀਡਾ ਜਾਂਦੇ ਸਮੇਂ ਏਅਰ ਫੋਰਸ ਵਨ ‘ਤੇ ਮੀਡੀਆ ਨਾਲ ਗੱਲ ਕਰਦੇ ਹੋਏ ਟਰੰਪ ਨੇ ਕਿਹਾ, “ਅਸੀਂ ਇੱਕ ਸਮਝੌਤਾ ਕਰ ਲਿਆ ਹੈ। ਭਾਰਤ ਇਸ ਵਿੱਚ ਸ਼ਾਮਲ ਹੋ ਰਿਹਾ ਹੈ ਅਤੇ ਈਰਾਨ ਤੋਂ ਤੇਲ ਖਰੀਦਣ ਦੀ ਬਜਾਏ, ਉਹ ਵੈਨੇਜ਼ੁਏਲਾ ਤੋਂ ਤੇਲ ਖਰੀਦੇਗਾ। ਇਸ ਲਈ ਅਸੀਂ ਰੂਪ ਰੇਖਾ ਤਿਆਰ ਕਰ ਲਈ ਹੈ।”

ਕਾਂਗਰਸ ਨੇ ਅਮਰੀਕੀ ਰਾਸ਼ਟਰਪਤੀ ਦੇ ਦਾਅਵੇ ‘ਤੇ ਸਵਾਲ ਉਠਾਏ ਹਨ। ਜੈਰਾਮ ਰਮੇਸ਼ ਨੇ ਐਕਸ ‘ਤੇ ਇੱਕ ਪੋਸਟ ਵਿੱਚ, ਭਾਰਤ ਬਾਰੇ ਟਰੰਪ ਦੇ ਲਗਾਤਾਰ ਦਾਅਵਿਆਂ ‘ਤੇ ਟਿੱਪਣੀ ਕੀਤੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ “ਅਮਰੀਕੀ ਨੇਤਾ ਸਾਨੂੰ ਦੱਸਦੇ ਹਨ ਕਿ ਸਾਡੀਆਂ ਸਰਕਾਰਾਂ ਨੇ ਕੀ ਕੀਤਾ ਹੈ ਜਾਂ ਕੀ ਕਰਨ ਵਾਲੀਆਂ ਹਨ।

ਇਸ ਤੋਂ ਪਹਿਲਾਂ ਮਈ 2025 ਵਿੱਚ ਭਾਰਤ-ਪਾਕਿਸਤਾਨ ਸੰਘਰਸ਼ ਦੌਰਾਨ ਵੀ ਟਰੰਪ ਨੇ ਜੰਗਬੰਦੀ (ਸੀਜ਼ਫਾਇਰ) ਦਾ ਦਾਅਵਾ ਕੀਤਾ ਸੀ। ਇਸ ਤੋਂ ਬਾਅਦ ਲਗਾਤਾਰ ਕਈ ਵਾਰ ਟਰੰਪ ਆਪਣੀ ਜੰਗਬੰਦੀ ਕਰਵਾਉਣ ਵਾਲੀ ਗੱਲ ‘ਤੇ ਅੜੇ ਰਹੇ, ਹਾਲਾਂਕਿ ਭਾਰਤ ਨੇ ਇਸ ਦਾਅਵੇ ਨੂੰ ਸਿਰੇ ਤੋਂ ਨਕਾਰ ਦਿੱਤਾ ਸੀ। ਹੁਣ ਦੇਖਣਾ ਇਹ ਹੈ ਕਿ ਟਰੰਪ ਦੇ ਵੈਨੇਜ਼ੁਏਲਾ ਤੋਂ ਤੇਲ ਖਰੀਦਣ ਦੇ ਦਾਅਵੇ ‘ਤੇ ਸਰਕਾਰ ਵੱਲੋਂ ਕੀ ਪ੍ਰਤੀਕਿਰਿਆ ਆਉਂਦੀ ਹੈ।

ਧਿਆਨਦੇਣ ਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫ਼ੋਨ ‘ਤੇ ਗੱਲ ਕੀਤੀ। ਦੋਵਾਂ ਦੇਸ਼ਾਂ ਵਿਚਕਾਰ ਦੁਵੱਲੀ ਭਾਈਵਾਲੀ ਨੂੰ ਮਜ਼ਬੂਤ ​​ਕਰਨ ‘ਤੇ ਚਰਚਾ ਹੋਈ। ਇੱਕ ਐਕਸ-ਪੋਸਟ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨਾਲ ਗੱਲ ਕੀਤੀ। “ਅਸੀਂ ਸਾਰੇ ਖੇਤਰਾਂ ਵਿੱਚ ਆਪਣੀ ਦੁਵੱਲੀ ਭਾਈਵਾਲੀ ਨੂੰ ਹੋਰ ਡੂੰਘਾ ਅਤੇ ਫੈਲਾਉਣ ਲਈ ਸਹਿਮਤ ਹੋਏ ਹਾਂ ਤਾਂ ਜੋ ਆਉਣ ਵਾਲੇ ਸਾਲਾਂ ਵਿੱਚ ਭਾਰਤ-ਵੈਨੇਜ਼ੁਏਲਾ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾ ਸਕੇ।”

Share This Article
Leave a Comment