ਅਮਰੀਕਾ : ਚੀਨ ਨੇ ਵੈਨੇਜ਼ੁਏਲਾ ‘ਤੇ ਅਮਰੀਕਾ ਦੇ ਹਮਲੇ ਅਤੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦੀ ਗ੍ਰਿਫ਼ਤਾਰੀ ‘ਤੇ ਵੱਡਾ ਬਿਆਨ ਦਿੱਤਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਅਮਰੀਕਾ ਨੂੰ ਵੈਨੇਜ਼ੁਏਲਾ ਦੇ ਨੇਤਾ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਗੱਲਬਾਤ ਰਾਹੀਂ ਸਥਿਤੀ ਦਾ ਹੱਲ ਕੱਢਣਾ ਚਾਹੀਦਾ ਹੈ। ਇੱਕ ਬਿਆਨ ਵਿੱਚ, ਮੰਤਰਾਲੇ ਨੇ ਕਿਹਾ ਕਿ ਅਮਰੀਕਾ ਨੂੰ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਓ ਫਲੋਰੇਸ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਉਣਾ ਚਾਹੀਦਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦਾ ਜ਼ਬਰਦਸਤੀ ਦੇਸ਼ ਨਿਕਾਲਾ ਅੰਤਰਰਾਸ਼ਟਰੀ ਕਾਨੂੰਨ ਅਤੇ ਨਿਯਮਾਂ ਦੀ ਉਲੰਘਣਾ ਹੈ।
ਜ਼ਿਕਰਯੋਗ ਹੈ ਕਿ ਚੀਨ ਅਮਰੀਕਾ ਵੱਲੋਂ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਨੂੰ ਜ਼ਬਰਦਸਤੀ ਹਿਰਾਸਤ ਵਿੱਚ ਲੈਣ ਅਤੇ ਦੇਸ਼ ਤੋਂ ਦੇਸ਼ ਨਿਕਾਲਾ ਦੇਣ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਚੀਨ ਅਮਰੀਕਾ ਨੂੰ ਰਾਸ਼ਟਰਪਤੀ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਦੀ ਨਿੱਜੀ ਸੁਰੱਖਿਆ ਨੂੰ ਯਕੀਨੀ ਬਣਾਉਣ, ਉਨ੍ਹਾਂ ਨੂੰ ਤੁਰੰਤ ਰਿਹਾਅ ਕਰਨ, ਵੈਨੇਜ਼ੁਏਲਾ ਸਰਕਾਰ ਨੂੰ ਕਮਜ਼ੋਰ ਕਰਨਾ ਬੰਦ ਕਰਨ ਅਤੇ ਗੱਲਬਾਤ ਰਾਹੀਂ ਮੁੱਦੇ ਨੂੰ ਹੱਲ ਕਰਨ ਦੀ ਅਪੀਲ ਕਰਦਾ ਹੈ।
ਦੱਸ ਦਈਏ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 3 ਜਨਵਰੀ ਨੂੰ ਐਲਾਨ ਕੀਤਾ ਕਿ ਅਮਰੀਕਾ ਨੇ ਵੈਨੇਜ਼ੁਏਲਾ ‘ਤੇ ਵੱਡਾ ਹਮਲਾ ਕੀਤਾ ਹੈ, ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ, ਸੀਲੀਆ ਫਲੋਰੇਸ ਨੂੰ ਫੜ ਲਿਆ ਹੈ। ਟਰੰਪ ਨੇ ਬਾਅਦ ਵਿੱਚ ਮਾਦੁਰੋ ਦੀ ਇੱਕ ਫੋਟੋ ਪੋਸਟ ਕੀਤੀ ਅਤੇ ਕਿਹਾ ਕਿ ਉਸਨੂੰ ਯੂਐਸਐਸ ਇਵੋ ਜਿਮਾ ‘ਤੇ ਸਵਾਰ ਹੋ ਕੇ ਅਮਰੀਕਾ ਲਿਆਂਦਾ ਜਾ ਰਿਹਾ ਹੈ। ਸ਼ਨੀਵਾਰ ਦੇਰ ਸ਼ਾਮ ਅਮਰੀਕੀ ਅਧਿਕਾਰੀ ਮਾਦੁਰੋ ਦੇ ਨਾਲ ਨਿਊਯਾਰਕ ਪਹੁੰਚੇ, ਜਿੱਥੇ ਉਸਨੂੰ ਡੀਈਏ ਹਿਰਾਸਤ ਵਿੱਚ ਰੱਖਿਆ ਗਿਆ ਹੈ।
ਵੈਨੇਜ਼ੁਏਲਾ ਵਿਰੁੱਧ ਅਮਰੀਕੀ ਫੌਜੀ ਕਾਰਵਾਈ ਨੇ ਵਿਆਪਕ ਅੰਤਰਰਾਸ਼ਟਰੀ ਰੋਸ ਪੈਦਾ ਕਰ ਦਿੱਤਾ ਹੈ। ਰੂਸ, ਈਰਾਨ ਅਤੇ ਚੀਨ ਸਮੇਤ ਕਈ ਦੇਸ਼ਾਂ ਨੇ ਇਸਦੀ ਸਖ਼ਤ ਨਿੰਦਾ ਕੀਤੀ ਹੈ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਚੀਨ ਨੇ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵਿਰੁੱਧ ਅਮਰੀਕਾ ਵੱਲੋਂ ਤਾਕਤ ਦੀ ਵਰਤੋਂ ਅਤੇ ਉਸਦੇ ਰਾਸ਼ਟਰਪਤੀ ਵਿਰੁੱਧ ਕਾਰਵਾਈਆਂ ‘ਤੇ ਡੂੰਘਾ ਸਦਮਾ ਅਤੇ ਨਿੰਦਾ ਪ੍ਰਗਟ ਕੀਤੀ ਹੈ।

