ਵਾਸ਼ਿੰਗਟਨ: ਅਮਰੀਕਾ ਨੇ ਇੱਕ ਨਵਾਂ ਵੀਜ਼ਾ ਨਿਯਮ ਲਾਗੂ ਕਰ ਦਿੱਤਾ ਜਿਸ ਨੇ ਦੁਨੀਆਂ ਭਰ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਹੈ। ਨਵੇਂ ਨਿਰਦੇਸ਼ ਅਨੁਸਾਰ ਸ਼ੂਗਰ, ਦਿਲ ਦੀ ਬਿਮਾਰੀ, ਮੋਟਾਪਾ ਤੇ ਹੋਰ ਪੁਰਾਣੀਆਂ ਬਿਮਾਰੀਆਂ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਾਂ ਗ੍ਰੀਨ ਕਾਰਡ ਤੋਂ ਇਨਕਾਰ ਕੀਤਾ ਜਾ ਸਕਦਾ ਹੈ।
ਇਹ ਨਿਯਮ ‘ਪਬਲਿਕ ਚਾਰਜ’ (ਸਰਕਾਰੀ ਬੋਝ) ਨੀਤੀ ‘ਤੇ ਅਧਾਰਿਤ ਹੈ – ਜਿਸ ਦਾ ਮਕਸਦ ਸਰਕਾਰੀ ਸਹਾਇਤਾ ‘ਤੇ ਨਿਰਭਰ ਅਪ੍ਰਵਾਸੀਆਂ ਨੂੰ ਰੋਕਣਾ ਹੈ।
ਵੀਜ਼ਾ ਅਧਿਕਾਰੀ ਕੀ ਜਾਂਚਣਗੇ?
- ਬਿਨੈਕਾਰ ਦੀ ਸਿਹਤ, ਉਮਰ ਤੇ ਵਿੱਤੀ ਹਾਲਤ
- ਕੀ ਉਹ ਮਹਿੰਗੀ ਇਲਾਜ ਲਈ ਸਰਕਾਰ ‘ਤੇ ਬੋਝ ਬਣੇਗਾ?
- ਕੀ ਉਹ ਪੂਰੀ ਜ਼ਿੰਦਗੀ ਬਿਨਾਂ ਸਰਕਾਰੀ ਮਦਦ ਤੋਂ ਇਲਾਜ ਚੁੱਕ ਸਕਦਾ ਹੈ?
ਜੇਕਰ ਬਿਨੈਕਾਰ ਜਾਂ ਪਰਿਵਾਰ ਵਿੱਚ ਕੋਈ ਵੀ ਮੈਂਬਰ ਇਹਨਾਂ ਬਿਮਾਰੀਆਂ ਨਾਲ ਪੀੜਤ ਹੈ ਤਾਂ ਵੀਜ਼ਾ ਰੱਦ ਹੋ ਸਕਦਾ ਹੈ।
- ਦਿਲ ਦੀ ਬਿਮਾਰੀ
- ਸ਼ੂਗਰ
- ਕੈਂਸਰ
- ਸਾਹ ਦੀ ਸਮੱਸਿਆ
- ਮੈਟਾਬੌਲਿਕ ਬਿਮਾਰੀ
- ਨਿਊਰੋਲੌਜੀਕਲ ਸਮੱਸਿਆ
- ਮਾਨਸਿਕ ਸਿਹਤ ਮਸਲੇ
- ਮੋਟਾਪਾ (ਜੋ ਅਸਥਮਾ, ਸਲੀਪ ਏਪਨੀਆ, ਹਾਈ ਬੀਪੀ ਵਰਗੀਆਂ ਸਮੱਸਿਆਵਾਂ ਪੈਦਾ ਕਰ ਸਕਦਾ ਹੈ)
ਪਹਿਲਾਂ ਸਿਰਫ਼ ਟੀਬੀ, ਐੱਚਆਈਵੀ ਵਰਗੀ ਜਾਂਚੀਆਂ ਜਾਂਦੀਆਂ ਸਨ। ਹੁਣ ਪੂਰਾ ਪੁਰਾਣਾ ਸਿਹਤ ਇਤਿਹਾਸ ਮੰਗਿਆ ਜਾਵੇਗਾ।
ਵੀਜ਼ਾ ਅਧਿਕਾਰੀ ਪੁੱਛਣਗੇ:
- ਤੁਹਾਡਾ ਇਲਾਜ ਕਿੰਨਾ ਖਰਚੀਲਾ ਹੈ?
- ਕੀ ਤੁਸੀਂ ਜ਼ਿੰਦਗੀ ਭਰ ਬਿਨਾਂ ਸਰਕਾਰੀ ਮਦਦ ਤੋਂ ਇਲਾਜ ਕਰਵਾ ਸਕੋਗੇ?
- ਤੁਹਾਡੇ ਬੱਚੇ ਨੂੰ ਵਿਸ਼ੇਸ਼ ਦੇਖਭਾਲ ਚਾਹੀਦੀ ਹੈ? ਕੀ ਤੁਸੀਂ ਨੌਕਰੀ ਕਰ ਸਕੋਗੇ?
- ਤੁਹਾਡੇ ਮਾਤਾ-ਪਿਤਾ ਬੀਮਾਰ ਹਨ? ਕੀ ਉਹ ਤੁਹਾਡੇ ਨਾਲ ਰਹਿਣਗੇ?
ਮਾਹਿਰਾਂ ਨੇ ਚਿੰਤਾ ਜਤਾਈ:
ਮਾਹਿਰਾਂ ਨੇ ਇਸ ਨੂੰ ਚਿੰਤਾਜਨਕ ਦੱਸਿਆ ਹੈ। ਲੀਗਲ ਇਮੀਗ੍ਰੇਸ਼ਨ ਨੈੱਟਵਰਕ ਦੇ ਸੀਨੀਅਰ ਵਕੀਲ ਚਾਰਲਸ ਵ੍ਹੀਲਰ ਨੇ ਕਿਹਾ ਕਿ ਵੀਜ਼ਾ ਅਧਿਕਾਰੀਆਂ ਨੂੰ ਸਿਹਤ ਸਥਿਤੀਆਂ ਨੂੰ ਜਾਂਚਣ ਦੀ ਟ੍ਰੇਨਿੰਗ ਨਹੀਂ ਹੈ ਤੇ ਉਹ ਨਹੀਂ ਜਾਣਦੇ ਕਿ ਕਿਹੜੀ ਬਿਮਾਰੀ ਕਿੰਨਾ ਖਰਚ ਕਰੇਗੀ ਜਾਂ ਸਰਕਾਰ ‘ਤੇ ਕਿੰਨਾ ਬੋਝ ਪਵੇਗਾ। ਜਾਰਜਟਾਊਨ ਯੂਨੀਵਰਸਿਟੀ ਦੀ ਇਮੀਗ੍ਰੇਸ਼ਨ ਵਕੀਲ ਸੋਫੀਆ ਜੇਨੋਵੇਸ ਨੇ ਕਿਹਾ ਕਿ ਸ਼ੂਗਰ ਜਾਂ ਦਿਲ ਦੀ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ ਤੇ ਪਹਿਲਾਂ ਵੀ ਸਿਹਤ ਜਾਂਚ ਹੁੰਦੀ ਸੀ ਪਰ ਹੁਣ ਅਚਾਨਕ ਸ਼ੂਗਰ ਵਰਗੇ ਸਵਾਲਾਂ ਨਾਲ ਵੀਜ਼ਾ ਇੰਟਰਵਿਊ ਵਿੱਚ ਮੁਸ਼ਕਲਾਂ ਵਧ ਜਾਣਗੀਆਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

