ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਵਿੱਚ ਪਿਛਲੇ ਮਹੀਨੇ ਵਾਪਰੇ ਭਿਆਨਕ ਸੜਕ ਹਾਦਸੇ ਨੂੰ ਲੈ ਕੇ ਨਵੀਂ ਅਪਡੇਟ ਸਾਹਮਣੇ ਆਈ ਹੈ। ਯੂਬਾ ਸਿਟੀ ਦੇ 21 ਸਾਲਾ ਵਾਸੀ ਜਸ਼ਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਨਸ਼ੇ ਵਿੱਚ ਗੱਡੀ ਚਲਾਉਣ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰ ਹੁਣ ਅਮਰੀਕੀ ਅਧਿਕਾਰੀਆਂ ਨੇ ਖੁਲਾਸਾ ਕੀਤਾ ਹੈ ਕਿ ਭਾਰਤੀ ਮੂਲ ਦਾ ਇਹ ਟਰੱਕ ਡਰਾਈਵਰ ਹਾਦਸੇ ਵੇਲੇ ਨਸ਼ੇ ਵਿੱਚ ਨਹੀਂ ਸੀ, ਜਿਵੇਂ ਕਿ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ। ਹਾਲਾਂਕਿ, ਲਾਪਰਵਾਹੀ ਨਾਲ ਗੱਡੀ ਚਲਾਉਣ ਅਤੇ ਵਾਹਨ ਨਾਲ ਕਤਲ ਦੇ ਦੋਸ਼ ਅਜੇ ਵੀ ਬਰਕਰਾਰ ਹਨ।
ਯਾਦ ਰਹੇ ਕਿ ਜਸ਼ਨਪ੍ਰੀਤ ਸਿੰਘ ਨੂੰ ਹਾਦਸੇ ਤੋਂ ਬਾਅਦ ਨਸ਼ੇ ਵਿੱਚ ਡਰਾਈਵਿੰਗ ਅਤੇ ਵਾਹਨ ਨਾਲ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ। ਨਵੀਂ ਜਾਂਚ ਅਨੁਸਾਰ, ਉਸ ਨੂੰ ਲਾਪਰਵਾਹੀ ਨਾਲ ਵਾਹਨ ਨਾਲ ਕਤਲ ਅਤੇ ਰੈਕਲੈੱਸ ਡਰਾਈਵਿੰਗ ਦੇ ਦੋਸ਼ਾਂ ਵਿੱਚ ਚਾਰਜ ਕੀਤਾ ਗਿਆ ਹੈ। ਉਸ ਨੇ ਅਦਾਲਤ ਵਿੱਚ ਨਾਟ ਗਿਲਟੀ ਪਲੀਅ ਕੀਤੀ ਹੈ ਅਤੇ ਬੇਲ ਨਹੀਂ ਮਿਲੀ ਹੈ।
ਖੂਨ ਦੀ ਜਾਂਚ ਵਿੱਚ ਕੋਈ ਨਸ਼ੀਲਾ ਪਦਾਰਥ ਨਹੀਂ ਮਿਲਿਆ। ਪਿਛਲੇ ਹਫ਼ਤੇ ਦਾਖਲ ਨਵੀਂ ਕੰਪਲੇਂਟ ਵਿੱਚ ਕਿਹਾ ਗਿਆ ਹੈ ਕਿ ਟੌਕਸੀਕੋਲੌਜੀ ਰਿਪੋਰਟ ਨੇ ਪੁਸ਼ਟੀ ਕੀਤੀ ਹੈ ਕਿ ਜਸ਼ਨਪ੍ਰੀਤ ਦੇ ਖੂਨ ਵਿੱਚ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਨਹੀਂ ਸੀ। ਸੈਨ ਬਰਨਾਰਡੀਨੋ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਹਾਲਾਂਕਿ ਨਸ਼ੇ ਦੇ ਦੋਸ਼ ਡਰਾਪ ਕਰ ਦਿੱਤੇ ਗਏ ਹਨ, ਪਰ ਇਹ ਲਾਪਰਵਾਹੀ ਨਾਲ ਕੀਤੇ ਗਏ ਕਤਲ ਦਾ ਮਾਮਲਾ ਬਣਦਾ ਹੈ।
ਪੂਰਾ ਮਾਮਲਾ
ਜਸ਼ਨਪ੍ਰੀਤ ਨੂੰ ਦੋਸ਼ ਲੱਗਾ ਕਿ ਉਸ ਨੇ ਦੱਖਣੀ ਕੈਲੀਫੋਰਨੀਆ ਵਿੱਚ ਆਈ-10 ਫ੍ਰੀਵੇਅ ‘ਤੇ ਆਪਣੇ ਫ੍ਰੀਟਲਾਈਨਰ ਸੈਮੀ-ਟਰੱਕ ਨਾਲ ਹੌਲੀ ਚੱਲ ਰਹੀ ਟ੍ਰੈਫਿਕ ਵਿੱਚ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਓਨਟਾਰੀਓ ਨੇੜੇ ਵਾਪਰਿਆ, ਜਿੱਥੇ ਲੋਕ ਇੱਕ ਵਾਹਨ ਦਾ ਟਾਇਰ ਬਦਲ ਰਹੇ ਸਨ। ਟਰੱਕ ਨੇ ਇੱਕ SUV ਨੂੰ ਟੱਕਰ ਮਾਰੀ, ਜਿਸ ਨਾਲ ਚੇਨ ਰਿਐਕਸ਼ਨ ਹੋ ਗਈ। ਹਾਦਸੇ ਦੀ ਵੀਡੀਓ ਡੈਸ਼ਕੈਮ ਤੋਂ ਵਾਇਰਲ ਹੋਈ ਸੀ।
ਇਸ ਖੌਫਨਾਕ ਹਾਦਸੇ ਵਿੱਚ ਮਾਰੇ ਗਏ ਤਿੰਨ ਵਿਅਕਤੀਆਂ ਦੇ ਨਾਂ ਮਾਈਕਲ ਰੇ (66), ਡੋਮਿਨਿਕ ਮਿਸ਼ੇਲ ਬੈਰੀ (39) ਅਤੇ ਡੈਨੀਅਲ ਅਲੈਗਜ਼ੈਂਡਰ ਲੋਪੇਜ਼ (27) ਹਨ। ਕਈ ਹੋਰ ਜ਼ਖਮੀ ਹੋਏ, ਜਿਨ੍ਹਾਂ ਵਿੱਚ ਜਸ਼ਨਪ੍ਰੀਤ ਖੁਦ ਅਤੇ ਇੱਕ ਮਕੈਨਿਕ ਸ਼ਾਮਲ ਹੈ ਜੋ ਟਾਇਰ ਬਦਲਣ ਵਿੱਚ ਮਦਦ ਕਰ ਰਿਹਾ ਸੀ।
ਜਸ਼ਨਪ੍ਰੀਤ ਸਿੰਘ ਕਥਿਤ ਤੌਰ ‘ਤੇ 2022 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਇਆ ਸੀ। ਉਸ ਨੂੰ ਮਾਰਚ 2022 ਵਿੱਚ ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿੱਚ ਬਾਰਡਰ ਪੈਟਰੋਲ ਨੇ ਫੜਿਆ ਸੀ, ਪਰ ਬਿਡੇਨ ਪ੍ਰਸ਼ਾਸਨ ਦੀ ਨੀਤੀ ਅਨੁਸਾਰ ਉਸ ਨੂੰ ਸੁਣਵਾਈ ਤੱਕ ਰਿਹਾਅ ਕਰ ਦਿੱਤਾ ਗਿਆ। ਹੁਣ ਉਸ ਨੂੰ ਬਿਨਾਂ ਬੇਲ ਦੇ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਅਗਲੀ ਅਦਾਲਤੀ ਸੁਣਵਾਈ ਦੀ ਉਡੀਕ ਹੈ।

