ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਦੁਰਲਭ ਵੀਡੀਓ ਫੁਟੇਜ ਹਾਸਲ ਕਰਨ ਲਈ ਬਰਤਾਨੀਆ ਤੋਂ ਸਹਿਯੋਗ ਦੀ ਅਪੀਲ ਕੀਤੀ। ਆਪਣੇ ਸਰਕਾਰੀ ਨਿਵਾਸ ‘ਤੇ ਇੰਗਲੈਂਡ ਅਤੇ ਵੇਲਜ਼ ਦੀ ਬਾਰ ਕੌਂਸਲ ਦੇ ਵਫ਼ਦ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਇਸ ਮਹਾਨ ਸ਼ਹੀਦ ਦੀ ਕੋਈ ਵੀਡੀਓ ਰਿਕਾਰਡਿੰਗ ਉਪਲਬਧ ਨਹੀਂ ਹੈ।
ਸਕੌਟਲੈਂਡ ਯਾਰਡ ਕੋਲ ਹੋ ਸਕਦੀ ਹੈ ਫੁਟੇਜ
ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਸਕੌਟਲੈਂਡ ਯਾਰਡ ਕੋਲ ਭਗਤ ਸਿੰਘ ਦੀਆਂ ਦੁਰਲਭ ਵੀਡੀਓ ਫੁਟੇਜ, ਖਾਸਕਰ ਉਨ੍ਹਾਂ ਦੀ ਗ੍ਰਿਫਤਾਰੀ ਅਤੇ ਮੁਕੱਦਮੇ ਦੀ ਸੁਣਵਾਈ ਨਾਲ ਸਬੰਧਤ ਵੀਡੀਓ, ਮੌਜੂਦ ਹੋ ਸਕਦੀਆਂ ਹਨ।
ਮੁੱਖ ਮੰਤਰੀ ਦੀ ਅਪੀਲ
ਭਗਵੰਤ ਮਾਨ ਨੇ ਕਿਹਾ, “ਇਹ ਵੀਡੀਓ ਸਾਰੇ ਭਾਰਤੀਆਂ, ਖਾਸਕਰ ਪੰਜਾਬੀਆਂ, ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਭਗਤ ਸਿੰਘ ਸਭ ਦੇ ਦਿਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ। ਸੂਬਾ ਸਰਕਾਰ ਪਹਿਲਾਂ ਹੀ ਇਨ੍ਹਾਂ ਵੀਡੀਓ ਫੁਟੇਜ ਨੂੰ ਹਾਸਲ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਪ੍ਰੇਰਨਾ ਲੈ ਸਕਣ।”
ਬਾਰ ਕੌਂਸਲ ਨੂੰ ਸਹਿਯੋਗ ਦੀ ਮੰਗ
ਮੁੱਖ ਮੰਤਰੀ ਨੇ ਇੰਗਲੈਂਡ ਅਤੇ ਵੇਲਜ਼ ਦੀ ਬਾਰ ਕੌਂਸਲ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਭਗਤ ਸਿੰਘ ਦੀ ਸ਼ਾਨਦਾਰ ਵਿਰਾਸਤ ਨੂੰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਾਉਣ ਦੇ ਇਸ ਮਨੁੱਖੀ ਅਤੇ ਜਨ-ਕਲਿਆਣਕਾਰੀ ਯਤਨ ਵਿੱਚ ਪੰਜਾਬ ਸਰਕਾਰ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਰਾਸ਼ਟਰੀ ਮਹੱਤਵ ਦੇ ਮੁੱਦੇ ਦੀ ਪੈਰਵੀ ਵਿੱਚ ਕੋਈ ਕਸਰ ਨਹੀਂ ਛੱਡੇਗੀ।
‘ਇਨਵੈਸਟ ਪੰਜਾਬ ਸੰਮੇਲਨ’ ਲਈ ਸੱਦਾ
ਇਕ ਹੋਰ ਮੁੱਦੇ ‘ਤੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਬਰਤਾਨਵੀ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਬਾਰ ਕੌਂਸਲ ਤੋਂ ਸਹਿਯੋਗ ਮੰਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਸੂਚਨਾ ਤਕਨੀਕ, ਖਾਦ ਪ੍ਰੋਸੈਸਿੰਗ ਅਤੇ ਆਟੋਮੋਬਾਈਲ ਵਰਗੇ ਖੇਤਰਾਂ ਵਿੱਚ ਨਿਵੇਸ਼ ਦੀਆਂ ਵਿਸ਼ਾਲ ਸੰਭਾਵਨਾਵਾਂ ਹਨ। ਭਗਵੰਤ ਮਾਨ ਨੇ ਬਰਤਾਨਵੀ ਨਿਵੇਸ਼ਕਾਂ ਨੂੰ ਮਾਰਚ 2026 ਵਿੱਚ ਹੋਣ ਵਾਲੇ ‘ਇਨਵੈਸਟ ਪੰਜਾਬ ਸੰਮੇਲਨ’ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਬਾਰ ਕੌਂਸਲ ਦਾ ਸਮਰਥਨ
ਇਸ ਮੌਕੇ ਇੰਗਲੈਂਡ ਅਤੇ ਵੇਲਜ਼ ਦੀ ਬਾਰ ਕੌਂਸਲ ਦੀ ਚੇਅਰ ਬਾਰਬਰਾ ਮਿਲਸ ਕੇ.ਸੀ., ਬਾਰ ਦੀ ਸਲਾਹਕਾਰ ਪ੍ਰੀਨ ਢਿੱਲੋਂ-ਸਟਾਰਕਿੰਗਸ, ਕੰਸਲਟੈਂਟ ਮੇਲਿਸ਼ਾ ਚਾਰਲਸ ਅਤੇ ਬੈਰਿਸਟਰ 4 ਪੀ.ਬੀ. ਬਲਜਿੰਦਰ ਬਾਠ ਸਮੇਤ ਹੋਰ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਪੂਰਨ ਸਹਿਯੋਗ ਅਤੇ ਸਮਰਥਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੂਬੇ ਦੀ ਆਰਥਿਕ ਉੱਨਤੀ ਅਤੇ ਜਨ-ਕਲਿਆਣ ਲਈ ਮੁੱਖ ਮੰਤਰੀ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।