ਚੰਡੀਗੜ੍ਹ: ਚੰਡੀਗੜ੍ਹ ਵਿੱਚ ਥਾਰ ਦੇ ਹਿਟ ਐਂਡ ਰਨ ਮਾਮਲੇ ਦੇ ਜ਼ਿੰਮੇਵਾਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੇ ਜੁੜਵਾ ਭੈਣਾਂ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਛੋਟੀ ਭੈਣ ਦੀ ਮੌਤ ਹੋ ਗਈ ਅਤੇ ਵੱਡੀ ਭੈਣ ਦੀ ਹਾਲਤ ਸਥਿਰ ਹੈ। ਉਹ ਅਜੇ ਵੀ ਹਸਪਤਾਲ ਵਿੱਚ ਭਰਤੀ ਹੈ।
ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦਾ ਨਾਮ ਨੇਰੋਸ਼ਪ੍ਰੀਤ ਸਿੰਘ ਹੈ, ਜੋ ਕਾਨੂੰਨ ਦਾ ਵਿਦਿਆਰਥੀ ਹੈ। ਉਸ ਦੇ ਪਿਤਾ ਪੰਜਾਬ ਵਿੱਚ ਤਹਿਸੀਲਦਾਰ ਹਨ। ਪੁਲਿਸ ਨੇ ਹਾਦਸੇ ਵਾਲੀ ਲਾਲ ਰੰਗ ਵਾਲੀ ਥਾਰ (CH01CG9000) ਨੂੰ ਪਹਿਲਾਂ ਹੀ ਜ਼ਬਤ ਕਰ ਲਿਆ ਹੈ। ਇਸ ਥਾਰ ‘ਤੇ ਪਹਿਲਾਂ ਹੀ ਖ਼ਤਰਨਾਕ ਡਰਾਈਵਿੰਗ ਦੇ 14 ਚਲਾਨ ਕੱਟੇ ਗਏ ਹਨ।
ਇਸ ਮਾਮਲੇ ਵਿੱਚ ਕਾਰਵਾਈ ਵਿੱਚ ਲਾਪਰਵਾਹੀ ਵਰਤਣ ਕਾਰਨ ਸੈਕਟਰ 45 ਦੀ ਬੁੜੈਲ ਪੁਲਿਸ ਚੌਕੀ ਇੰਚਾਰਜ ਗੁਰਜੀਵਨ ਸਿੰਘ ਨੂੰ ਹਟਾ ਦਿੱਤਾ ਗਿਆ ਹੈ। ਉਸ ਦੀ ਥਾਂ ਸਬ ਇੰਸਪੈਕਟਰ ਨਵੀਨ ਨੂੰ ਇੰਚਾਰਜ ਬਣਾਇਆ ਗਿਆ ਹੈ। ਇਹ ਹਾਦਸਾ ਬੁੱਧਵਾਰ ਦੁਪਹਿਰ ਨੂੰ ਵਾਪਰਿਆ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਵਿਰੋਧ ਵੀ ਕੀਤਾ ਸੀ ਕਿ ਪੁਲਿਸ ਥਾਰ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
2 ਦਿਨ ਪਹਿਲਾਂ ਵਾਪਰਿਆ ਸੀ ਹਾਦਸਾ
ਚੰਡੀਗੜ੍ਹ ਦੇ ਸੈਕਟਰ 46 ਵਿੱਚ 2 ਦਿਨ ਪਹਿਲਾਂ ਦੁਪਹਿਰ ਲਗਭਗ 3 ਵਜੇ ਇੱਕ ਲਾਲ ਥਾਰ ਨੇ ਬੁੜੈਲ ਵਾਸੀ ਸੋਜੇਫ਼ ਅਤੇ ਉਸ ਦੀ ਛੋਟੀ ਭੈਣ ਈਸ਼ਾ ਨੂੰ ਟੱਕਰ ਮਾਰ ਦਿੱਤੀ ਸੀ। ਇਸ ਤੋਂ ਬਾਅਦ ਮੁਲਜ਼ਮ ਥਾਰ ਸਮੇਤ ਮੌਕੇ ਤੋਂ ਭੱਜ ਗਿਆ। ਦੋਹਾਂ ਭੈਣਾਂ ਨੂੰ ਤੁਰੰਤ ਸੈਕਟਰ 32 ਦੇ ਹਸਪਤਾਲ ਲਿਜਾਇਆ ਗਿਆ, ਪਰ ਸੋਜੇਫ਼ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਪਿਤਾ ਸਾਵੇਦ ਨੇ ਦੱਸਿਆ ਸੀ ਕਿ ਮ੍ਰਿਤ ਧੀ ਸੋਜੇਫ਼ ਦੀ ਉਮਰ 22 ਸਾਲ ਸੀ। ਉਹ ਸੈਕਟਰ-46 ਦੇ ਦੇਵ ਸਮਾਜ ਕਾਲਜ ਵਿੱਚ ਬੀ.ਏ. ਦੀ ਵਿਦਿਆਰਥਣ ਸੀ ਅਤੇ ਸੈਕਟਰ 46 ਵਿੱਚ ਹੀ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਸੀ। ਈਸ਼ਾ ਵੱਡੀ ਭੈਣ ਹੈ, ਜਿਸ ਦੀ ਉਮਰ 24 ਸਾਲ ਹੈ।
ਪਿਤਾ ਨੇ ਕਿਹਾ ਸੀ – ਚੰਡੀਗੜ੍ਹ ਪੁਲਿਸ ਕਾਰਵਾਈ ਨਹੀਂ ਕਰ ਰਹੀ
ਜੁੜਵਾ ਭੈਣਾਂ ਦੇ ਪਿਤਾ ਸਾਵੇਦ ਨੇ 16 ਅਕਤੂਬਰ ਨੂੰ ਇਹ ਵੀ ਦੋਸ਼ ਲਾਇਆ ਕਿ ਪੁਲਿਸ ਥਾਰ ਵਾਲੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਹਿਰ ਭਰ ਵਿੱਚ ਕੈਮਰੇ ਲੱਗੇ ਹੋਏ ਹਨ, ਪਰ ਪੁਲਿਸ ਨੂੰ ਮੁਲਜ਼ਮ ਦਾ ਪਤਾ ਵੀ ਨਹੀਂ ਲੱਗਾ। ਜੇਕਰ ਕੋਈ ਆਮ ਆਦਮੀ ਹੁੰਦਾ ਤਾਂ ਪੁਲਿਸ ਤੁਰੰਤ ਐਕਸ਼ਨ ਲੈ ਲੈਂਦੀ, ਪਰ ਇਸ ਹਾਦਸੇ ਵਿੱਚ ਪੁਲਿਸ ਦੇ ਹੱਥ ਖਾਲੀ ਹਨ। ਦਾਦੀ ਰਹਿਮਾਨੀ ਨੇ ਕਿਹਾ ਕਿ ਪੁਲਿਸ ਮੁਲਜ਼ਮ ਨੂੰ ਬਚਾ ਰਹੀ ਹੈ। ਉਨ੍ਹਾਂ ਦੀ ਇੱਕ ਪੋਤੀ ਇਸ ਦੁਨੀਆ ਵਿੱਚ ਨਹੀਂ ਰਹੀ ਅਤੇ ਦੂਜੀ ਹਸਪਤਾਲ ਵਿੱਚ ਹੈ, ਫਿਰ ਵੀ ਪੁਲਿਸ ਕਾਰਵਾਈ ਨਹੀਂ ਕਰ ਰਹੀ।