5 ਦਿਨ ਪਹਿਲਾਂ ਖਰੀਦੀ ਗਈ ਬੱਸ ਬਣੀ ਅੱਗ ਦਾ ਗੋਲਾ; 20 ਮੌਤਾਂ, ਕਈ ਜ਼ਿੰਦਾ ਝੁਲਸੇ

Global Team
3 Min Read

ਨਵੀਂ ਦਿੱਲੀ: ਰਾਜਸਥਾਨ ਦੇ ਜੈਸਲਮੇਰ-ਜੋਧਪੁਰ ਹਾਈਵੇਅ ‘ਤੇ ਮੰਗਲਵਾਰ ਦੁਪਹਿਰ ਲਗਭਗ 3:30 ਵਜੇ ਇੱਕ ਏਸੀ ਸਲੀਪਰ ਬੱਸ ਵਿੱਚ ਅਚਾਨਕ ਅੱਗ ਲੱਗ ਗਈ। ਕੁਝ ਪਲਾਂ ਵਿੱਚ ਹੀ ਬੱਸ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ। ਬੱਸ ਵਿੱਚ ਕੁੱਲ 57 ਯਾਤਰੀ ਸਵਾਰ ਸਨ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ 20 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 16 ਯਾਤਰੀ ਬੁਰੀ ਤਰ੍ਹਾਂ ਝੁਲਸ ਗਏ ਹਨ।

ਜੈਸਲਮੇਰ ਤੋਂ ਜੋਧਪੁਰ ਤੱਕ 275 ਕਿਲੋਮੀਟਰ ਲੰਬਾ ਗ੍ਰੀਨ ਕੋਰੀਡੋਰ ਬਣਾਇਆ ਗਿਆ, ਜਿਸ ਰਾਹੀਂ ਜ਼ਖਮੀਆਂ ਨੂੰ ਫੌਰੀ ਤੌਰ ਤੇ ਹਸਪਤਾਲ ਪਹੁੰਚਾਇਆ ਗਿਆ।

ਸਥਾਨਕ ਅਧਿਕਾਰੀਆਂ ਦੇ ਮੁਤਾਬਕ, ਇਹ ਬੱਸ ਜੋਧਪੁਰ ਦੀ ਇੱਕ ਪ੍ਰਾਈਵੇਟ ਕੰਪਨੀ ਤੋਂ ਸਿਰਫ਼ ਪੰਜ ਦਿਨ ਪਹਿਲਾਂ ਹੀ ਖਰੀਦੀ ਗਈ ਸੀ। ਸ਼ੁਰੂਆਤੀ ਜਾਂਚ ਵਿੱਚ ਹਾਦਸੇ ਦਾ ਕਾਰਨ ਸ਼ਾਰਟ ਸਰਕਟ ਹੋਣ ਦਾ ਅਨੁਮਾਨ ਹੈ। ਤੇਜ਼ ਅੱਗ ਤੇ ਧੂੰਏ ਕਾਰਨ ਕਈ ਯਾਤਰੀਆਂ ਨੇ ਖਿੜਕੀਆਂ ਅਤੇ ਦਰਵਾਜ਼ਿਆਂ ਰਾਹੀਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਸਹਾਇਕ ਫਾਇਰ ਅਫਸਰ ਕ੍ਰਿਸ਼ਨਪਾਲ ਸਿੰਘ ਰਾਠੌਰ ਨੇ ਦੱਸਿਆ ਕਿ ਅੱਗ ਇੰਨੀ ਭਿਆਨਕ ਸੀ ਕਿ ਬਚਾਅ ਮੁਹਿੰਮ ਦੌਰਾਨ ਕਈ ਦੇਹਾਂ ਪੂਰੀ ਤਰ੍ਹਾਂ ਸੜ ਚੁੱਕੀਆਂ ਸਨ। ਸਥਾਨਕ ਲੋਕਾਂ ਨੇ ਵੀ ਬਚਾਅ ਟੀਮਾਂ ਨਾਲ ਮਿਲ ਕੇ ਕਈ ਜਾਨਾਂ ਬਚਾਈਆਂ।

ਘਟਨਾ ਤੋਂ ਬਾਅਦ ਹਾਈਵੇਅ ਨਾਲ ਲੱਗਦੇ ਸਾਰੇ ਪੁਲਿਸ ਥਾਣਿਆਂ ਨੂੰ ਵਿਸ਼ੇਸ਼ ਹੁਕਮ ਜਾਰੀ ਕੀਤੇ ਗਏ ਕਿ ਐਂਬੂਲੈਂਸਾਂ ਤੇ ਰਾਹਤ ਵਾਹਨ ਬਿਨਾਂ ਰੁਕਾਵਟ ਗ੍ਰੀਨ ਕੋਰੀਡੋਰ ਰਾਹੀਂ ਹਸਪਤਾਲ ਤੱਕ ਪਹੁੰਚ ਸਕਣ। 16 ਗੰਭੀਰ ਜ਼ਖਮੀ ਯਾਤਰੀਆਂ ਵਿੱਚੋਂ 14 ਦਾ ਇਲਾਜ ਮਹਾਤਮਾ ਗਾਂਧੀ ਹਸਪਤਾਲ, ਜੋਧਪੁਰ ਵਿੱਚ ਚੱਲ ਰਿਹਾ ਹੈ, ਜਦਕਿ ਦੋ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।

ਇਹ ਭਿਆਨਕ ਹਾਦਸਾ ਸਾਰੇ ਇਲਾਕੇ ਵਿੱਚ ਸ਼ੌਕ ਦੀ ਲਹਿਰ ਲੈ ਆਇਆ ਹੈ। ਬੱਸ ਮਾਲਕਾਂ ਤੇ ਟਰਾਂਸਪੋਰਟ ਵਿਭਾਗ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਅੱਗ ਦੇ ਅਸਲ ਕਾਰਨ ਦਾ ਪਤਾ ਲੱਗ ਸਕੇ। ਪੁਲਿਸ, ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨਿਕ ਟੀਮਾਂ ਮੌਕੇ ‘ਤੇ ਰਾਹਤ ਕਾਰਜਾਂ ਵਿੱਚ ਲਗਾਤਾਰ ਰੁੱਝੀਆਂ ਹੋਈਆਂ ਹਨ।

ਪ੍ਰਧਾਨ ਮੰਤਰੀ ਦਾ ਦੁੱਖ ਪ੍ਰਗਟਾਵਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਪੀਐਮਓ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘ਰਾਜਸਥਾਨ ਦੇ ਜੈਸਲਮੇਰ ਵਿੱਚ ਵਾਪਰੇ ਹਾਦਸੇ ‘ਤੇ ਸਾਨੂੰ ਡੂੰਘਾ ਦੁੱਖ ਹੈ। ਮੇਰੀਆਂ ਸੰਵੇਦਨਾਵਾਂ ਪ੍ਰਭਾਵਿਤ ਪਰਿਵਾਰਾਂ ਨਾਲ ਹਨ ਅਤੇ ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।”

ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਕਮ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (PMNRF) ਤੋਂ ਦਿੱਤੀ ਜਾਵੇਗੀ।

Share This Article
Leave a Comment