ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ NDA ਦੀ ਲਿਖਤੀ ਪ੍ਰੀਖਿਆ ਕੀਤੀ ਪਾਸ

Global Team
2 Min Read

ਚੰਡੀਗੜ੍ਹ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੁਹਾਲੀ) ਦੇ 47 ਕੈਡਿਟਾਂ ਨੇ ਐਨ.ਡੀ.ਏ.-156 ਕੋਰਸ ਲਈ ਨੈਸ਼ਨਲ ਡਿਫੈਂਸ ਅਕੈਡਮੀ (ਐਨ.ਡੀ.ਏ.) (II) ਲਿਖਤੀ ਪ੍ਰੀਖਿਆ ਪਾਸ ਕਰਕੇ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ। ਇਸ ਸਬੰਧੀ ਯੂ.ਪੀ.ਐਸ.ਸੀ. ਵੱਲੋਂ ਬੁੱਧਵਾਰ ਦੇਰ ਸ਼ਾਮ ਨੂੰ ਨਤੀਜੇ ਐਲਾਨੇ ਗਏ ਸਨ। ਇਹ ਕੋਰਸ ਜੂਨ 2026 ਵਿੱਚ ਸ਼ੁਰੂ ਹੋਵੇਗਾ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਐਨ.ਡੀ.ਏ. (II) ਲਿਖਤੀ ਪ੍ਰੀਖਿਆ ਦੇਣ ਵਾਲੇ ਇਸ ਸੰਸਥਾ ਦੇ 57 ਕੈਡਿਟਾਂ ਵਿੱਚੋਂ 47 ਕੈਡਿਟਾਂ ਨੇ 82.45 ਫੀਸਦੀ ਦੀ ਸ਼ਾਨਦਾਰ ਸਫਲਤਾ ਦਰ ਨਾਲ ਪ੍ਰੀਖਿਆ ਪਾਸ ਕੀਤੀ ਹੈ। ਇਹ ਸੰਸਥਾ ਵੱਲੋਂ ਐਨ.ਡੀ.ਏ. (I) ਜਾਂ ਐਨ.ਡੀ.ਏ. (II) ਪ੍ਰੀਖਿਆਵਾਂ ਲਈ ਪ੍ਰਾਪਤ ਕੀਤੀ ਹੁਣ ਤੱਕ ਦੀ ਸਭ ਤੋਂ ਵੱਧ ਸਫਲਤਾ ਦਰ ਹੈ।

ਕੈਡਿਟਾਂ ਨੂੰ ਵਧਾਈ ਦਿੰਦਿਆਂ ਅਮਨ ਅਰੋੜਾ ਨੇ ਕਿਹਾ, “ਇਹ ਕੈਡਿਟ ਪੰਜਾਬ ਦਾ ਮਾਣ ਹਨ। ਮੇਰੇ ਵੱਲੋਂ ਉਨ੍ਹਾਂ ਨੂੰ ਐਸ.ਐਸ.ਬੀ. ਇੰਟਰਵਿਊ ਅਤੇ ਟ੍ਰੇਨਿੰਗ ਲਈ ਸ਼ੁਭਕਾਮਨਾਵਾਂ।”

ਨਤੀਜਿਆਂ ‘ਤੇ ਸੰਤੁਸ਼ਟੀ ਪ੍ਰਗਟ ਕਰਦਿਆਂ, ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ (ਰਿਟਾਇਰਡ) ਅਜੈ ਐਚ ਚੌਹਾਨ, ਵੀ.ਐਸ.ਐਮ. ਨੇ ਕਿਹਾ ਕਿ ਕੈਡਿਟ ਹੁਣ ਜਲਦ ਹੀ ਆਪਣਾ ਸਰਵਿਸਿਜ਼ ਸਿਲੈਕਸ਼ਨ ਬੋਰਡ (ਐਸ.ਐਸ.ਬੀ.) ਇੰਟਰਵਿਊ ਦੇਣਗੇ। ਉਨ੍ਹਾਂ ਨੇ ਸੰਸਥਾ ਦੇ ਸਟਾਫ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਨੌਂ ਵਿੱਚੋਂ ਸੱਤ ਕੈਡਿਟ ਏ.ਐਫ.ਸੀ.ਏ.ਟੀ. ਪ੍ਰੀਖਿਆ ਪਾਸ ਕਰ ਚੁੱਕੇ ਹਨ, ਜਿਸ ਦੇ ਨਤੀਜੇ ਹਾਲ ਹੀ ਵਿੱਚ ਡੀ-ਕਲਾਸੀਫਾਈਡ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਥਾ ਦੀ ਸ਼ੁਰੂਆਤ ਤੋਂ ਹੁਣ ਤੱਕ ਇਸ ਦੇ 179 ਸਾਬਕਾ ਵਿਦਿਆਰਥੀ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫਸਰ ਬਣੇ ਹਨ।

Share This Article
Leave a Comment