ਲੁਧਿਆਣਾ: ਲੁਧਿਆਣਾ ਦੇ ਦਰੇਸੀ ਥਾਣੇ ਦੇ ਇਲਾਕੇ ‘ਚ ਇੱਕ ਸ਼ੱਕੀ ਬੈਗ ‘ਚ IED ਬੰਬ ਮਿਲਣ ਦੀ ਘਟਨਾ ਨੇ ਸਨਸਨੀ ਫੈਲਾ ਦਿੱਤੀ ਹੈ। ਜਾਣਕਾਰੀ ਮੁਤਾਬਕ, ਚਾਰ ਦਿਨ ਪਹਿਲਾਂ ਇੱਕ ਬੈਗ ਦੀ ਦੁਕਾਨ ‘ਤੇ ਇੱਕ ਸ਼ੱਕੀ ਵਿਅਕਤੀ ਨੇ ਥੈਲਾ ਛੱਡਿਆ ਸੀ। ਸ਼ੁਰੂ ਵਿੱਚ ਇਸ ਥੈਲੇ ‘ਚ ਪੋਟਾਸ਼, ਪੈਟਰੋਲ ਅਤੇ ਮਾਚਸ ਹੋਣ ਦੀ ਗੱਲ ਸਾਹਮਣੇ ਆਈ ਸੀ, ਪਰ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਹੁਣ ਇਸ ਦੀ IED ਬੰਬ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਨੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ।
ਮਾਮਲੇ ‘ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਉਹਨਾਂ ਨੇ ਖੁਲਾਸਾ ਕੀਤਾ ਕਿ ਉਹ ਯੂਟਿਊਬ ਤੋਂ ਬੰਬ ਬਣਾਉਣ ਦੀ ਵੀਡੀਓ ਦੇਖ ਕੇ ਇਸ ਨੂੰ ਤਿਆਰ ਕਰ ਰਹੇ ਸਨ। ਨਾਲ ਹੀ, ਉਨ੍ਹਾਂ ਦੀ ਦੁਕਾਨਦਾਰ ਨਾਲ ਨਿੱਜੀ ਰੰਜਿਸ਼ ਸੀ, ਜਿਸ ਕਾਰਨ ਉਨ੍ਹਾਂ ਨੇ ਦੁਕਾਨ ‘ਚ ਵਿਸਫੋਟਕ ਰੱਖਿਆ।
ਪੂਰੀ ਘਟਨਾ
ਚਾਰ ਦਿਨ ਪਹਿਲਾਂ ਇੱਕ ਵਿਅਕਤੀ ਦਰੇਸੀ ‘ਚ ਬੈਗ ਦੀ ਦੁਕਾਨ ‘ਤੇ ਅਟੈਚੀ ਖਰੀਦਣ ਆਇਆ ਸੀ। ਉਸ ਨੇ ਦੁਕਾਨਦਾਰ ਨੂੰ 500 ਰੁਪਏ ਅਡਵਾਂਸ ਦਿੱਤੇ ਅਤੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਵਾਪਸ ਆ ਕੇ ਅਟੈਚੀ ਲੈ ਜਾਵੇਗਾ। ਉਸ ਨੇ ਆਪਣਾ ਇੱਕ ਥੈਲਾ ਦੁਕਾਨ ‘ਤੇ ਹੀ ਛੱਡ ਦਿੱਤਾ। ਬੀਤੀ ਰਾਤ ਜਦੋਂ ਥੈਲੇ ‘ਚੋਂ ਪੈਟਰੋਲ ਦੀ ਬਦਬੂ ਆਈ, ਤਾਂ ਦੁਕਾਨਦਾਰ ਨੇ ਬਿਲਡਿੰਗ ਦੇ ਮਾਲਕ ਨੂੰ ਸੂਚਿਤ ਕੀਤਾ। ਹਰਬੰਸ ਟਾਵਰ ਦੇ ਮਾਲਕ ਰਿੰਕੂ ਨੇ ਮੌਕੇ ‘ਤੇ ਪਹੁੰਚ ਕੇ ਵਾਰਡ 9 ਦੇ ਪ੍ਰਮੁੱਖ ਨਿਵਾਸੀ ਨਿਤਿਨ ਬੱਤਰਾ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸ਼ੱਕੀ ਥੈਲੇ ਨੂੰ ਦੇਖ ਕੇ ਤੁਰੰਤ ਦਰੇਸੀ ਪੁਲਿਸ ਨੂੰ ਸੂਚਿਤ ਕੀਤਾ।
ਇਸ ਘਟਨਾ ਨੂੰ ਲੈ ਦੇ ਦੁਕਾਨ ‘ਚ ਕੰਮ ਕਰਨ ਵਾਲੇ ਸੰਨੀ ਨੇ ਦੱਸਿਆ ਕਿ ਇੱਕ ਵਿਅਕਤੀ ਮੂੰਹ ‘ਤੇ ਮਾਸਕ ਪਾਈ ਦੁਕਾਨ ‘ਤੇ ਆਇਆ ਸੀ। ਉਸ ਨੇ ਇੱਕ ਅਟੈਚੀ ਪਸੰਦ ਕੀਤੀ ਅਤੇ ਕਿਹਾ ਕਿ ਬਾਜ਼ਾਰ ‘ਚੋਂ ਹੋਰ ਸਮਾਨ ਖਰੀਦ ਕੇ ਵਾਪਸ ਆਵੇਗਾ। ਉਸ ਨੇ ਆਪਣੇ ਨਾਲ ਇੱਕ ਬਾਕਸ ਵੀ ਲਿਆਂਦਾ ਸੀ, ਜਿਸ ‘ਚ ਬੱਚਿਆਂ ਦੀ ਕਾਰ ਸੀ। ਇਹ ਕਹਿ ਕੇ ਉਹ ਚਲਾ ਗਿਆ। ਚਾਰ ਦਿਨ ਬਾਅਦ ਜਦੋਂ ਥੈਲੇ ‘ਚੋਂ ਪੈਟਰੋਲ ਦੀ ਬਦਬੂ ਆਈ, ਤਾਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥੈਲੇ ‘ਚ ਪੈਟਰੋਲ ਦੀਆਂ ਥੈਲੀਆਂ ਅਤੇ ਕੁਝ ਤਾਰਾਂ ਵੀ ਮਿਲੀਆਂ।