ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ 21 ਸਤੰਬਰ ਨੂੰ ਸਵੇਰੇ 11:10 ਵਜੇ ਕਾਬੁਲ ਤੋਂ ਆਈ ਕੇਏਐਮ ਏਅਰਲਾਈਨਜ਼ ਦੀ ਫਲਾਈਟ (RQ-4401) ਦੇ ਲੈਂਡਿੰਗ ਗੀਅਰ ਵਿੱਚ ਲੁਕਿਆ 13 ਸਾਲ ਦਾ ਬੱਚਾ ਬਿਨਾਂ ਟਿਕਟ ਦੇ ਭਾਰਤ ਪਹੁੰਚ ਗਿਆ। ਸੁਰੱਖਿਆ ਮੁਲਾਜ਼ਮਾਂ ਨੇ ਜਹਾਜ਼ ਨੇੜੇ ਇੱਕ ਬੱਚੇ ਨੂੰ ਘੁੰਮਦੇ ਦੇਖਿਆ, ਜਿਸ ਤੋਂ ਬਾਅਦ ਪਤਾ ਲੱਗਾ ਕਿ ਉਹ ਜਹਾਜ਼ ਦੇ ਪਹੀਏ ਵਾਲੇ ਹਿੱਸੇ ਵਿੱਚ ਲੁਕ ਕੇ ਆਇਆ ਸੀ। ਉਸੇ ਦਿਨ ਦੁਪਹਿਰ ਨੂੰ ਉਸ ਨੂੰ ਵਾਪਸੀ ਫਲਾਈਟ (RQ-4402) ਰਾਹੀਂ ਕਾਬੁਲ ਭੇਜ ਦਿੱਤਾ ਗਿਆ।
ਬੱਚਾ ਲੈਂਡਿੰਗ ਗੀਅਰ ’ਚ ਕਿਵੇਂ ਪਹੁੰਚਿਆ?
ਰਿਪੋਰਟਾਂ ਮੁਤਾਬਕ, ਬੱਚੇ ਨੇ ਦੱਸਿਆ ਕਿ ਉਹ ਕਾਬੁਲ ਹਵਾਈ ਅੱਡੇ ’ਤੇ ਯਾਤਰੀਆਂ ਦੇ ਪਿੱਛੇ-ਪਿੱਛੇ ਗੱਡੀ ਚਲਾਉਂਦਾ ਹੋਇਆ ਰਨਵੇ ਤੱਕ ਪਹੁੰਚ ਗਿਆ। ਫਿਰ ਸਭ ਦੀਆਂ ਨਜ਼ਰਾਂ ਬਚਾ ਕੇ ਉਹ ਜਹਾਜ਼ ਦੇ ਵ੍ਹੀਲ ਵੈੱਲ ਵਿੱਚ ਜਾ ਕੇ ਲੁਕ ਗਿਆ। ਅਜਿਹੀ ਜਗ੍ਹਾ ’ਤੇ ਸਫਰ ਕਰਨਾ ਜਾਨਲੇਵਾ ਹੈ ਅਤੇ ਜਿੰਦਾ ਬਚਣਾ ਲਗਭਗ ਅਸੰਭਵ ਹੈ।
30,000 ਫੁੱਟ ਦੀ ਉਚਾਈ ’ਤੇ ਜਿਉਂਦਾ ਰਹਿਣਾ ਅਸੰਭਵ
ਰਿਪੋਰਟਾਂ ਅਨੁਸਾਰ, ਜਦੋਂ ਵਿਮਾਨ ਉਡਾਣ ਭਰਦਾ ਹੈ, ਵ੍ਹੀਲ ਵੈੱਲ ਦੇ ਨੇੜੇ ਆਕਸੀਜਨ ਤੇਜ਼ੀ ਨਾਲ ਘਟ ਜਾਂਦੀ ਹੈ ਅਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲੇ ਜਾਂਦਾ ਹੈ ਤੇ ਮਾਹਰਾਂ ਦਾ ਕਹਿਣਾ ਹੈ ਕਿ ਪਹੀਏ ਦੀ ਲਪੇਟ ਵਿੱਚ ਆਉਣ ਨਾਲ ਵੀ ਜਾਨ ਜਾ ਸਕਦੀ ਹੈ। ਏਵੀਏਸ਼ਨ ਮਾਹਿਰ ਕੈਪਟਨ ਮੋਹਨ ਰੰਗਨਾਥਨ ਅਨੁਸਾਰ, ਟੇਕਆਫ ਤੋਂ ਬਾਅਦ ਜਦੋਂ ਪਹੀਏ ਅੰਦਰ ਖਿੱਚੇ ਜਾਂਦੇ ਹਨ, ਉਹ ਜਗ੍ਹਾ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ। 30,000 ਫੁੱਟ ਦੀ ਉਚਾਈ ’ਤੇ ਸਾਹ ਲੈਣਾ ਅਤੇ ਜਿੰਦਾ ਰਹਿਣਾ ਅਸੰਭਵ ਹੈ।
ਪਹਿਲਾਂ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ
ਬੀਬੀਸੀ ਦੀ ਰਿਪੋਰਟ ਮੁਤਾਬਕ, 2019 ਵਿੱਚ ਲੰਦਨ ਦੇ ਇੱਕ ਰਿਹਾਇਸ਼ੀ ਇਲਾਕੇ ਦੇ ਬਾਗ ਵਿੱਚ ਇੱਕ ਵਿਅਕਤੀ ਅਸਮਾਨ ਤੋਂ ਡਿੱਗ ਪਿਆ ਤੇ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਮੁਤਾਬਕ, ਉਹ ਵਿਅਕਤੀ ਨੈਰੋਬੀ ਤੋਂ ਹੀਥਰੋ ਜਾ ਰਹੀ ਕੀਨੀਆ ਏਅਰਵੇਜ਼ ਦੀ ਫਲਾਈਟ ਦੇ ਵ੍ਹੀਲ ਵੈੱਲ ਵਿੱਚ ਲੁਕ ਕੇ ਸਫਰ ਕਰ ਰਿਹਾ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।