ਚੰਡੀਗੜ੍ਹ: ਪੰਜਾਬ ਵਿੱਚ ਪਰਾਲੀ ਸਾੜਨ ਦੇ ਸਿਲਸਿਲੇ ਵਿੱਚ ਕੋਈ ਕਮੀ ਨਹੀਂ ਆ ਰਹੀ, ਸੋਮਵਾਰ ਨੂੰ ਮਾਮਲਿਆਂ ਦੀ ਗਿਣਤੀ 62 ਤੱਕ ਪਹੁੰਚ ਗਈ ਹੈ। 15 ਸਤੰਬਰ ਨੂੰ ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਦੀ ਸੈਟੇਲਾਈਟ ਨਿਗਰਾਨੀ ਸ਼ੁਰੂ ਹੋਣ ਤੋਂ ਬਾਅਦ, ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਪਰਾਲੀ ਸਾੜੀ ਗਈ ਹੈ।
ਪਿਛਲੇ ਸਾਲ, ਇਸ ਸਮੇਂ ਦੌਰਾਨ, ਪੰਜਾਬ ਵਿੱਚ ਪਰਾਲੀ ਸਾੜਨ ਦੇ 62 ਮਾਮਲੇ ਸਾਹਮਣੇ ਆਏ ਸਨ, ਜਦੋਂ ਕਿ 2023 ਵਿੱਚ ਸਿਰਫ਼ ਸੱਤ ਮਾਮਲੇ ਸਾਹਮਣੇ ਆਏ ਸਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪਿਛਲੇ ਸਾਲ ਵਾਂਗ, ਇਸ ਵਾਰ ਵੀ ਪੰਜਾਬ ਵਿੱਚ ਪਰਾਲੀ ਸਾੜਨ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ ਹੈ। ਸੋਮਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਤਿੰਨ ਮਾਮਲੇ, ਕਪੂਰਥਲਾ ਵਿੱਚ ਇੱਕ ਅਤੇ ਤਰਨਤਾਰਨ ਵਿੱਚ ਦੋ ਮਾਮਲੇ ਸਾਹਮਣੇ ਆਏ ਹਨ। 15 ਸਤੰਬਰ ਤੋਂ ਹੁਣ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 62 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 38 ਮਾਮਲੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ। ਜਦੋਂ ਕਿ ਬਰਨਾਲਾ ਵਿੱਚ ਦੋ, ਬਠਿੰਡਾ ਵਿੱਚ ਇੱਕ, ਫਿਰੋਜ਼ਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਸੰਗਰੂਰ, ਐਸਏਐਸ ਨਗਰ ਅਤੇ ਮਲੇਰਕੋਟਲਾ ਵਿੱਚ ਇੱਕ-ਇੱਕ, ਪਟਿਆਲਾ ਵਿੱਚ ਸੱਤ ਅਤੇ ਤਰਨਤਾਰਨ ਵਿੱਚ ਸੱਤ ਮਾਮਲੇ ਸਾਹਮਣੇ ਆਏ ਹਨ। 27 ਮਾਮਲਿਆਂ ਵਿੱਚ ₹1,25,000 ਦਾ ਜੁਰਮਾਨਾ ਲਗਾਇਆ ਗਿਆ ਹੈ, ਅਤੇ ਇਸ ਜੁਰਮਾਨੇ ਵਿੱਚੋਂ ₹50,000 ਦੀ ਵਸੂਲੀ ਕੀਤੀ ਗਈ ਹੈ।
14 ਮਾਮਲਿਆਂ ਵਿੱਚ, ਸੀਆਰਪੀਸੀ ਦੀ ਧਾਰਾ 223 ਤਹਿਤ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਪਰਾਲੀ ਸਾੜਨ ਦੇ ਦੋਸ਼ ਵਿੱਚ ਪੰਜਾਬ ਵਿੱਚ ਪੰਦਰਾਂ ਛਾਪੇ ਮਾਰੇ ਗਏ ਹਨ। ਜੇਕਰ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀ ਹੈ, ਤਾਂ ਸਬੰਧਿਤ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਹੈ, ਨਾ ਹੀ ਇਸਨੂੰ ਗਿਰਵੀ ਰੱਖ ਸਕਦਾ ਹੈ ਅਤੇ ਨਾ ਹੀ ਇਸ ‘ਤੇ ਕਰਜ਼ਾ ਲੈ ਸਕਦਾ ਹੈ।