H-1B ਵੀਜ਼ਾ ਨੂੰ ਲੈ ਕੇ ਕੀਤੇ ਐਲਾਨ ਤੋਂ ਬਾਅਦ ਭੰਬਲਭੂਸੇ ‘ਚ ਭਾਰਤੀ! ਏਅਰਪੋਰਟਾਂ ‘ਤੇ ਲੱਗੀ ਭੀੜ, ਵਧਿਆ ਜਹਾਜ਼ ਦਾ ਕਿਰਾਇਆ

Global Team
3 Min Read

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ H-1B ਵੀਜ਼ਾ ਦੀ ਫੀਸ ਵਧਾ ਕੇ 1,00,000 ਡਾਲਰ (ਲਗਭਗ 88 ਲੱਖ ਰੁਪਏ) ਕਰ ਦਿੱਤੀ ਹੈ। ਇਹ ਨਵਾਂ ਚਾਰਜ 21 ਸਤੰਬਰ 2025 ਤੋਂ ਲਾਗੂ ਹੋਵੇਗਾ। ਇਸ ਫੈਸਲੇ ਨੇ ਸਭ ਤੋਂ ਵੱਡਾ ਅਸਰ ਭਾਰਤੀ H-1B ਵੀਜ਼ਾ ਧਾਰਕਾਂ ’ਤੇ ਪਾਇਆ ਹੈ, ਕਿਉਂਕਿ ਇਸ ਵੀਜ਼ਾ ’ਤੇ ਕੰਮ ਕਰਨ ਵਾਲਿਆਂ ਵਿੱਚੋਂ ਲਗਭਗ 70% ਭਾਰਤੀ ਹਨ। ਟਰੰਪ ਦੇ ਇਸ ਅਚਾਨਕ ਫੈਸਲੇ ਨੇ ਹਵਾਈ ਅੱਡਿਆਂ ’ਤੇ ਹਫੜਾ-ਦਫੜੀ ਮਚਾ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਅਮਰੀਕਾ ਤੋਂ ਬਾਹਰ ਮੌਜੂਦ ਭਾਰਤੀ ਆਈਟੀ ਪੇਸ਼ੇਵਰ ਆਪਣੀ ਯਾਤਰਾ ਅੱਧ ਵਿੱਚ ਛੱਡ ਕੇ ਵਾਪਸ ਮੁੜਨ ਲੱਗੇ।

ਅਮਰੀਕਾ ਤੋਂ ਬਾਹਰ ਜਾਣ ਵਾਲੇ ਭਾਰਤੀਆਂ ਨੇ ਵੀ ਆਪਣੀਆਂ ਯਾਤਰਾਵਾਂ ਰੋਕ ਦਿੱਤੀਆਂ ਅਤੇ ਫਲਾਈਟਾਂ ਤੋਂ ਉਤਰ ਗਏ। ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਫਲਾਈਟ ਦਾ ਇੱਕ ਪਾਸੇ ਦੀ ਟਿਕਟ ਕੁਝ ਘੰਟਿਆਂ ਵਿੱਚ 37,000 ਰੁਪਏ ਤੋਂ ਵਧ ਕੇ 70,000 ਤੋਂ 80,000 ਰੁਪਏ ਤੱਕ ਪਹੁੰਚ ਗਈ। ਇੱਕ ਵਿਅਕਤੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਦਿੱਲੀ ਤੋਂ ਨਿਊਯਾਰਕ ਦਾ ਕਿਰਾਇਆ ਹੁਣ 4,500 ਡਾਲਰ (ਲਗਭਗ 3.7 ਲੱਖ ਰੁਪਏ) ਹੋ ਗਿਆ ਹੈ। ਕਈ ਲੋਕਾਂ ਨੇ ਅਮਰੀਕਾ ਜਾਣ ਦੀਆਂ ਯੋਜਨਾਵਾਂ ਰੱਦ ਕਰ ਦਿੱਤੀਆਂ। ਇਸ ਦੇ ਨਾਲ ਹੀ, ਭਾਰਤ ਵਿੱਚ ਛੁੱਟੀਆਂ ਮਨਾਉਣ ਜਾਂ ਵਪਾਰਕ ਕੰਮ ਲਈ ਆਏ ਕਈ ਲੋਕ ਨਿਰਧਾਰਤ ਸਮੇਂ ਤੋਂ ਪਹਿਲਾਂ ਅਮਰੀਕਾ ਵਾਪਸ ਨਹੀਂ ਪਰਤ ਸਕੇ।

ਕੰਪਨੀਆਂ ਨੇ ਦਿੱਤੀ ਅਮਰੀਕਾ ਨਾ ਛੱਡਣ ਦੀ ਸਲਾਹ

ਨਵੀਂ ਨੀਤੀ ਅਨੁਸਾਰ, H-1B ਵੀਜ਼ਾ ਧਾਰਕਾਂ ਨੂੰ 21 ਸਤੰਬਰ 2025 ਦੀ ਰਾਤ 12:01 ਵਜੇ (EDT) ਜਾਂ ਭਾਰਤੀ ਸਮੇਂ ਅਨੁਸਾਰ ਸਵੇਰੇ 9:31 ਵਜੇ ਤੋਂ ਪਹਿਲਾਂ ਅਮਰੀਕਾ ਵਿੱਚ ਦਾਖਲ ਹੋਣਾ ਜ਼ਰੂਰੀ ਹੈ। ਇਸ ਤੋਂ ਬਾਅਦ, ਉਹ ਉਦੋਂ ਹੀ ਅਮਰੀਕਾ ਜਾ ਸਕਣਗੇ ਜਦੋਂ 1 ਲੱਖ ਡਾਲਰ ਦੀ ਨਵੀਂ ਫੀਸ ਅਦਾ ਕੀਤੀ ਜਾਵੇ।

ਟਰੰਪ ਦੇ ਇਸ ਫੈਸਲੇ ਤੋਂ ਬਾਅਦ ਅਮੇਜ਼ਨ, ਮਾਈਕ੍ਰੋਸਾਫਟ ਅਤੇ ਜੇਪੀ ਮਾਰਗਨ ਵਰਗੀਆਂ ਵੱਡੀਆਂ ਕੰਪਨੀਆਂ ਨੇ ਆਪਣੇ H-1B ਕਰਮਚਾਰੀਆਂ ਨੂੰ ਅਮਰੀਕਾ ਨਾ ਛੱਡਣ ਦੀ ਸਲਾਹ ਦਿੱਤੀ ਹੈ। ਵਿਦੇਸ਼ ਵਿੱਚ ਮੌਜੂਦ ਕਰਮਚਾਰੀਆਂ ਨੂੰ ਤੁਰੰਤ ਵਾਪਸ ਪਰਤਣ ਲਈ ਕਿਹਾ ਗਿਆ ਹੈ। ਇਸ ਐਲਾਨ ਤੋਂ ਬਾਅਦ ਅਮਰੀਕਾ ਜਾਣ ਵਾਲੀਆਂ ਫਲਾਈਟਾਂ ਦੇ ਕਿਰਾਏ ਅਸਮਾਨ ਨੂੰ ਛੂਹਣ ਲੱਗੇ ਹਨ।

ਸੈਨ ਫਰਾਂਸਿਸਕੋ ਹਵਾਈ ਅੱਡੇ ’ਤੇ ਲੱਗੀ ਭੀੜ

ਸੈਨ ਫਰਾਂਸਿਸਕੋ ਹਵਾਈ ਅੱਡੇ ’ਤੇ ਵੀ ਅਜਿਹਾ ਮਹੌਲ ਦੇਖਣ ਨੂੰ ਮਿਲੀ। ਇੱਕ ਯਾਤਰੀ ਮਸੂਦ ਰਾਣਾ ਨੇ ਦੱਸਿਆ ਕਿ ਉਨ੍ਹਾਂ ਦਾ ਜਹਾਜ਼ 3 ਘੰਟੇ ਤੱਕ ਹਵਾਈ ਅੱਡੇ ’ਤੇ ਖੜ੍ਹਾ ਰਿਹਾ ਕਿਉਂਕਿ ਕਈ ਯਾਤਰੀਆਂ ਨੇ ਜਹਾਜ਼ ਤੋਂ ਉਤਰਨ ਦਾ ਫੈਸਲਾ ਕਰ ਲਿਆ। ਉਨ੍ਹਾਂ ਨੂੰ ਡਰ ਸੀ ਕਿ ਜੇ ਉਹ ਅਮਰੀਕਾ ਤੋਂ ਬਾਹਰ ਗਏ ਤਾਂ ਸ਼ਾਇਦ ਮੁੜ ਵਾਪਸ ਨਾ ਪਰਤ ਸਕਣ।

ਦੁਬਈ ਤੋਂ ਮੁੰਬਈ ਆ ਰਹੀ ਫਲਾਈਟ ਵਿੱਚ ਵੀ ਅਜਿਹੀ ਸਥਿਤੀ ਦੇਖਣ ਨੂੰ ਮਿਲੀ। ਲਗਭਗ 10 ਤੋਂ 15 H-1B ਵੀਜ਼ਾ ਧਾਰਕ ਯਾਤਰੀ 20 ਮਿੰਟਾਂ ਦੇ ਅੰਦਰ ਜਹਾਜ਼ ਤੋਂ ਉਤਰ ਗਏ। ਉਨ੍ਹਾਂ ਨੂੰ ਜਲਦੀ ਅਮਰੀਕਾ ਪਰਤਣ ਦੀ ਚਿੰਤਾ ਸੀ। ਟਰੰਪ ਦੇ ਅਚਨਚੇਤ ਫੈਸਲੇ ਨੇ H-1B ਵੀਜ਼ਾ ਧਾਰਕਾਂ ਵਿੱਚ ਘਬਰਾਹਟ ਅਤੇ ਭੰਬਲਭੂਸੇ ਦਾ ਮਾਹੌਲ ਪੈਦਾ ਕਰ ਦਿੱਤਾ ਹੈ, ਜਿਸ ਦਾ ਸਿੱਧਾ ਅਸਰ ਭਾਰਤੀ ਪੇਸ਼ੇਵਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ’ਤੇ ਪਿਆ ਹੈ।

Share This Article
Leave a Comment