ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਸਰਵਜੀਤ ਕੌਰ ਮਾਣੂਕੇ ਨੂੰ ਵੱਡੀ ਰਾਹਤ ਦਿੱਤੀ ਹੈ। ਕੋਰਟ ਨੇ ਐਨਆਰਆਈ ਅਮਰਜੀਤ ਕੌਰ ਸਿੰਘ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ, ਜਿਸ ਵਿੱਚ ਉਨ੍ਹਾਂ ਨੇ ਵਿਧਾਇਕ ਅਤੇ ਉਸ ਦੇ ਪਰਿਵਾਰ ‘ਤੇ ਹੀਰਾ ਬਾਗ ਸਥਿਤ ਉਨ੍ਹਾਂ ਦੀ ਕੋਠੀ ਨੂੰ ਜਾਅਲੀ ਪਾਵਰ ਆਫ ਅਟਾਰਨੀ ਰਾਹੀਂ ਵੇਚਣ ਅਤੇ ਕਬਜ਼ਾ ਕਰਨ ਦਾ ਦੋਸ਼ ਲਗਾਇਆ ਸੀ।
ਅਮਰਜੀਤ ਕੌਰ ਨੇ ਇਸ ਮਾਮਲੇ ਵਿੱਚ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ, ਜਸਟਿਸ ਤ੍ਰਿਭੁਵਨ ਦਹੀਆ ਦੀ ਬੈਂਚ ਨੇ ਪਟੀਸ਼ਨ ਰੱਦ ਕਰਦਿਆਂ ਕਿਹਾ ਕਿ ਜਾਂਚ ਅਧਿਕਾਰੀਆਂ ਦੇ ਵਿਰੁੱਧ ਪੱਖਪਾਤ ਜਾਂ ਦੁਰਭਾਵਨਾ ਸਾਬਤ ਨਹੀਂ ਹੋਈ। ਕੋਰਟ ਨੇ ਸਪੱਸ਼ਟ ਕੀਤਾ ਕਿ ਦੋਸ਼ ਸਿਰਫ ਸ਼ੱਕ ਅਤੇ ਅੰਦਾਜ਼ੇ ‘ਤੇ ਅਧਾਰਤ ਹਨ, ਇਸ ਲਈ ਨਾ ਤਾਂ ਵਿਧਾਇਕ ਦਾ ਨਾਂ ਐਫਆਈਆਰ ਵਿੱਚ ਸ਼ਾਮਲ ਕੀਤਾ ਜਾਵੇਗਾ ਅਤੇ ਨਾ ਹੀ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਜਾਵੇਗੀ।
2005 ਵਿੱਚ ਹੋਈ ਸੀ ਰਜਿਸਟਰੀ
ਜਾਣਕਾਰੀ ਅਨੁਸਾਰ, ਵਿਵਾਦਿਤ ਕੋਠੀ ਵਿਧਾਇਕ ਮਨੂੰਕੇ ਨੇ 2023 ਵਿੱਚ ਵਕੀਲ ਕਰਮ ਸਿੰਘ ਤੋਂ 25,000 ਰੁਪਏ ਮਹੀਨਾਵਾਰ ਕਿਰਾਏ ‘ਤੇ ਲਈ ਸੀ। ਕਰਮ ਸਿੰਘ ਨੇ ਇਹ ਮਕਾਨ ਅਸ਼ੋਕ ਕੁਮਾਰ ਤੋਂ ਕਿਰਾਏ ‘ਤੇ ਲਿਆ ਸੀ, ਜਿਸ ਦੀ ਰਜਿਸਟਰੀ 2005 ਵਿੱਚ ਹੋਈ ਸੀ। ਕਰਮ ਸਿੰਘ ਦੀ ਸ਼ਿਕਾਇਤ ‘ਤੇ ਅਸ਼ੋਕ ਕੁਮਾਰ ਦੇ ਖਿਲਾਫ ਇੱਕ ਮਾਮਲਾ ਵੀ ਦਰਜ ਕੀਤਾ ਗਿਆ ਸੀ। ਕੋਰਟ ਦੇ ਇਸ ਫੈਸਲੇ ਨਾਲ ਵਿਧਾਇਕ ਸਰਵਜੀਤ ਕੌਰ ਮਨੂੰਕੇ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਨੇ ਇਸ ਪੂਰੇ ਮਾਮਲੇ ਨੂੰ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਨੂੰ ਬਦਨਾਮ ਕਰਨ ਦਾ “ਪ੍ਰੋਪੇਗੰਡਾ” ਕਰਾਰ ਦਿੱਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।