ਚੰਡੀਗੜ੍ਹ: ਟੈਕਸ ਚੋਰੀ ਵਿਰੁੱਧ ਆਪਣੀ ਲੜਾਈ ਦੇ ਇੱਕ ਵੱਡੇ ਪੱਧਰ ‘ਤੇ ਤੇਜ਼ੀ ਨਾਲ ਵਧਦੇ ਹੋਏ, ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਐਲਾਨ ਕੀਤਾ ਕਿ ਰਾਜ ਦੇ ਕਰ ਵਿਭਾਗ ਨੇ 385 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਸਮੇਤ ਇੱਕ ਵੱਡੇ ਜਾਅਲੀ ਬਿਲਿੰਗ ਘੁਟਾਲੇ, ਜਿਸ ਰਾਹੀਂ 69.57 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ, ਵਿੱਚ ਸ਼ਾਮਲ 7 ਵਿਅਕਤੀਆਂ ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਹਨ।
ਇਸ ਸਬੰਧੀ ਵੇਰਵਿਆਂ ਦਾ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 12 ਸਤੰਬਰ, 2025 ਨੂੰ ਦਰਜ ਕੀਤੀਆਂ ਗਈਆਂ ਐਫ.ਆਈ.ਆਰ ਵਿੱਚੋਂ ਪਹਿਲੀ ਮੈਸਰਜ਼ ਰਾਜਧਾਨੀ ਆਇਰਨ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ ਅਤੇ ਇਸਦੇ ਡਾਇਰੈਕਟਰਾਂ, ਮਨੀਸ਼ ਗਰਗ ਅਤੇ ਰਿਦਮ ਗਰਗ ਵਿਰੁੱਧ ਦਰਜ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਾਂਚ ਦੌਰਾਨ ਮੈਸਰਜ਼ ਮਹਾਲਕਸ਼ਮੀ ਟ੍ਰੇਡਰਜ਼ ਅਤੇ ਮੈਸਰਜ਼ ਸ਼ਿਵ ਸ਼ਕਤੀ ਐਂਟਰਪ੍ਰਾਈਜ਼ਿਜ਼ ਸਮੇਤ ਜਾਅਲੀ ਫਰਮਾਂ ਦੇ ਇੱਕ ਗੁੰਝਲਦਾਰ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਸਾਰੇ ਵੱਡੇ ਪੱਧਰ ‘ਤੇ ਧੋਖਾਧੜੀ ਵਾਲੀਆਂ ਗਤੀਵਿਧੀਆਂ ਅਤੇ ਇਨਪੁਟ ਟੈਕਸ ਕ੍ਰੈਡਿਟ (ਆਈਟੀਸੀ) ਦੀ ਗਲਤ ਵਰਤੋਂ ਵਿੱਚ ਰੁੱਝੇ ਹੋਏ ਸਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਘੋਸ਼ਿਤ ਵਪਾਰਕ ਸਥਾਨਾਂ ਦੀ ਭੌਤਿਕ ਤਸਦੀਕ ਤੋਂ ਪਤਾ ਲੱਗਾ ਹੈ ਕਿ ਉਹ ਜਾਂ ਤਾਂ ਬੰਦ ਸਨ ਜਾਂ ਮੌਜੂਦ ਨਹੀਂ ਸਨ, ਜਿਸ ਤੋਂ ਇੰਨ੍ਹਾ ਦੀਆਂ ਕਾਰਵਾਈਆਂ ਵਿੱਚ ਧੋਖਾਧੜੀ ਦੀ ਪੁਸ਼ਟੀ ਹੋਈ। ਉਨ੍ਹਾਂ ਕਿਹਾ ਕਿ ਇਸ ਫਰਮ ‘ਤੇ 310 ਕਰੋੜ ਰੁਪਏ ਦੇ ਧੋਖਾਧੜੀ ਵਾਲੇ ਲੈਣ-ਦੇਣ ਦਾ ਮਾਮਲਾ ਹੈ, ਜਿਸਦੇ ਨਤੀਜੇ ਵਜੋਂ 55.93 ਕਰੋੜ ਰੁਪਏ ਦੀ ਟੈਕਸ ਚੋਰੀ ਹੋਈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸੀਨੀਅਰ ਸੁਪਰਡੈਂਟ ਆਫ਼ ਪੁਲਿਸ, ਫਤਿਹਗੜ੍ਹ ਸਾਹਿਬ ਕੋਲ ਐਫਆਈਆਰ ਦਰਜ ਕੀਤੀ ਗਈ।