ਜੰਮੂ: ਜੰਮੂ-ਕਸ਼ਮੀਰ ਦੇ ਜੰਮੂ ਜ਼ਿਲ੍ਹੇ ਦੇ ਆਰਐਸ ਪੁਰਾ ਦੇ ਸਰਹੱਦੀ ਖੇਤਰ ਵਿੱਚ ਸੁਰੱਖਿਆ ਬਲਾਂ ਨੇ ਇੱਕ ਕਬੂਤਰ ਫੜਿਆ ਹੈ, ਜਿਸ ਦੇ ਪੰਜਿਆਂ ਵਿੱਚ ਇੱਕ ਧਮਕੀ ਭਰਿਆ ਪੱਤਰ ਬੰਨ੍ਹਿਆ ਹੋਇਆ ਸੀ। ਇਸ ਪੱਤਰ ਵਿੱਚ ਜੰਮੂ ਰੇਲਵੇ ਸਟੇਸ਼ਨ ਨੂੰ ਆਈਈਡੀ ਧਮਾਕੇ ਰਾਹੀਂ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਕਬੂਤਰ ਫੜੇ ਜਾਣ ਤੋਂ ਬਾਅਦ, ਪੁਲਿਸ ਅਤੇ ਸੁਰੱਖਿਆ ਬਲਾਂ ਨੇ ਪੂਰੇ ਖੇਤਰ ਵਿੱਚ ਚੌਕਸੀ ਵਧਾ ਦਿੱਤੀ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਕਬੂਤਰ, ਜੋ ਸ਼ਾਇਦ ਪਾਕਿਸਤਾਨ ਤੋਂ ਆਇਆ ਸੀ, 18 ਅਗਸਤ ਨੂੰ ਰਾਤ 9 ਵਜੇ ਦੇ ਕਰੀਬ ਕਟਮਾਰੀਆ ਖੇਤਰ ਵਿੱਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਫੜਿਆ ਗਿਆ ਸੀ।
ਕਬੂਤਰ ਦੇ ਪੰਜਿਆਂ ਨਾਲ ਬੰਨ੍ਹੀ ਹੋਈ ਚਿੱਠੀ ਵਿੱਚ ਉਰਦੂ ਅਤੇ ਅੰਗਰੇਜ਼ੀ ਵਿੱਚ ਇੱਕ ਧਮਕੀ ਭਰਿਆ ਸੁਨੇਹਾ ਸੀ, ਜਿਸ ਵਿੱਚ ‘ਕਸ਼ਮੀਰ ਆਜ਼ਾਦੀ’ ਅਤੇ ‘ਸਮਾਂ ਆ ਗਿਆ ਹੈ’ ਵਰਗੇ ਸ਼ਬਦ ਲਿਖੇ ਗਏ ਸਨ। ਅਧਿਕਾਰੀਆਂ ਅਨੁਸਾਰ, ਪਾਕਿਸਤਾਨ ਪਹਿਲਾਂ ਵੀ ਭਾਰਤੀ ਸਰਹੱਦ ਦੇ ਅੰਦਰ ਗੁਬਾਰਿਆਂ, ਝੰਡਿਆਂ ਅਤੇ ਕਬੂਤਰਾਂ ਰਾਹੀਂ ਵੱਖ-ਵੱਖ ਤਰੀਕਿਆਂ ਨਾਲ ਸੰਦੇਸ਼ ਭੇਜਦਾ ਰਿਹਾ ਹੈ। ਪਰ ਇਹ ਪਹਿਲੀ ਵਾਰ ਹੈ ਜਦੋਂ ਕੋਈ ਕਬੂਤਰ ਇੰਨਾ ਗੰਭੀਰ ਧਮਕੀ ਭਰਿਆ ਸੁਨੇਹਾ ਲੈ ਕੇ ਫੜਿਆ ਗਿਆ ਹੈ। ਸੁਰੱਖਿਆ ਏਜੰਸੀਆਂ ਮੌਜੂਦਾ ਖਤਰੇ ਅਤੇ ਭਾਰਤ ਵਿਰੋਧੀ ਸਾਜ਼ਿਸ਼ਾਂ ਨੂੰ ਦੇਖਦੇ ਹੋਏ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।