ਭਿਵਾਨੀ: ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਢਾਣੀ ਲਕਸ਼ਮਣ ਪਿੰਡ ਵਿੱਚ 19 ਸਾਲ ਦੀ ਅਧਿਆਪਕਾ ਮਨੀਸ਼ਾ ਦੀ ਦੇਹ ਮਿਲਣ ਤੋਂ 8 ਦਿਨ ਬਾਅਦ, ਅੱਜ ਵੀਰਵਾਰ, ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਮਨੀਸ਼ਾ ਦੀ ਮ੍ਰਿਤਕ ਦੇਹ ਨੂੰ ਭਿਵਾਨੀ ਦੇ ਹਸਪਤਾਲ ਤੋਂ ਪਹਿਲਾਂ ਉਸ ਦੇ ਘਰ ਲਿਆਂਦਾ ਗਿਆ, ਜਿੱਥੇ ਅੰਤਿਮ ਰਸਮਾਂ ਤੋਂ ਬਾਅਦ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਉਸ ਨੂੰ ਅੰਤਿਮ ਵਿਦਾਇਗੀ ਦਿੱਤੀ ।
ਪਰਿਵਾਰ ਅਤੇ ਪਿੰਡ ਵਾਸੀਆਂ ਦੀ ਮੰਗ ਸੀ ਕਿ ਮਾਮਲੇ ਦੀ ਜਾਂਚ ਹਰਿਆਣਾ ਪੁਲਿਸ ਦੀ ਬਜਾਏ ਕੇਂਦਰੀ ਜਾਂਚ ਬਿਊਰੋ (CBI) ਨੂੰ ਸੌਂਪੀ ਜਾਵੇ ਤੇ ਉਸ ਦਾ ਦਿੱਲੀ ਏਮਜ਼ (AIIMS) ਵਿੱਚ ਪੋਸਟਮਾਰਟਮ ਕਰਵਾਇਆ ਜਾਵੇ। ਪਿੰਡ ਵਾਸੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਸਰਕਾਰ ਨੇ ਇਹ ਮੰਗਾਂ ਨਾ ਮੰਨੀਆਂ, ਤਾਂ ਉਹ ਪਿੰਡ ਵਿੱਚ ਪੱਕਾ ਮੋਰਚਾ ਲਗਾਉਣਗੇ ਅਤੇ ਮਨੀਸ਼ਾ ਦਾ ਅੰਤਿਮ ਸੰਸਕਾਰ ਨਹੀਂ ਹੋਣ ਦੇਣਗੇ।
ਲਾਰੈਂਸ ਗੈਂਗ ਦੀ ਐਂਟਰੀ
ਮਨੀਸ਼ਾ ਦੀ ਮੌਤ ਦੀ ਗੁਥੀ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ਮੂਲੀਅਤ ਸਾਹਮਣੇ ਆਈ। ਲਾਰੈਂਸ ਦੇ ਸਾਥੀ ਗੋਲਡੀ ਢਿੱਲੋਂ, ਜੋ ਕੈਨੇਡਾ ਵਿੱਚ ਹੈ, ਨੇ ਸੋਸ਼ਲ ਮੀਡੀਆ ‘ਤੇ ਧਮਕੀ ਦਿੱਤੀ ਕਿ ਜੇਕਰ ਪੁਲਿਸ ਅਤੇ ਸਰਕਾਰ ਮਨੀਸ਼ਾ ਨੂੰ ਇਨਸਾਫ਼ ਨਹੀਂ ਦਿੰਦੀ, ਤਾਂ ਉਹ ਖੁਦ ਇਨਸਾਫ਼ ਦਿਵਾਉਣਗੇ। ਗੋਲਡੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ:
“ਭਿਵਾਨੀ ਦੇ ਲੋਹਾਰੂ ਵਿੱਚ ਭੈਣ ਮਨੀਸ਼ਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਪੁਲਿਸ ਅਤੇ ਸਰਕਾਰ ਇਨਸਾਫ਼ ਦੇਵੇ, ਨਹੀਂ ਤਾਂ ਅਸੀਂ ਭੈਣ ਮਨੀਸ਼ਾ ਨੂੰ ਇਨਸਾਫ਼ ਦਿਵਾਵਾਂਗੇ, ਚਾਹੇ ਦੋਸ਼ੀ ਕੋਈ ਵੀ ਸ਼ਕਤੀਸ਼ਾਲੀ ਵਿਅਕਤੀ ਹੋਵੇ।”
ਸਰਕਾਰ ਨੇ ਮੰਨੀਆਂ ਮੰਗਾਂ
ਪਿੰਡ ਵਾਸੀਆਂ ਦੇ ਅਲਟੀਮੇਟਮ ਤੋਂ ਬਾਅਦ ਮੁੱਖ ਮੰਤਰੀ ਸੈਣੀ ਨੇ ਵੀਰਵਾਰ ਸਵੇਰੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਐਲਾਨ ਕੀਤਾ ਕਿ ਪਰਿਵਾਰ ਦੀ ਮੰਗ ‘ਤੇ ਮਾਮਲੇ ਦੀ ਜਾਂਚ CBI ਨੂੰ ਸੌਂਪੀ ਜਾ ਰਹੀ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਪੂਰਾ ਇਨਸਾਫ਼ ਕੀਤਾ ਜਾਵੇਗਾ।
ਸਰਕਾਰ ਨੇ ਪਿੰਡ ਵਾਸੀਆਂ ਦੀ ਦੂਜੀ ਮੰਗ ਵੀ ਮੰਨ ਲਈ ਅਤੇ ਮਨੀਸ਼ਾ ਦੀ ਲਾਸ਼ ਨੂੰ ਦਿੱਲੀ ਏਮਜ਼ ਭੇਜ ਕੇ ਤੀਜੀ ਵਾਰ ਪੋਸਟਮਾਰਟਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਭਿਵਾਨੀ ਦੇ ਸਰਕਾਰੀ ਹਸਪਤਾਲ ਅਤੇ ਰੋਹਤਕ PGI ਵਿੱਚ ਪੋਸਟਮਾਰਟਮ ਹੋ ਚੁੱਕਿਆ ਸੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।