ਨਿਊਜ਼ ਡੈਸਕ: ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਇੱਕ ਵਾਰ ਫਿਰ ਤਕਨੀਕੀ ਖਰਾਬੀ ਸਾਹਮਣੇ ਆਈ ਹੈ। ਕੇਰਲ ਦੇ ਕੋਚੀ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI 504 ਵਿੱਚ ਐਤਵਾਰ ਦੇਰ ਰਾਤ ਤਕਨੀਕੀ ਖਰਾਬੀ ਆ ਗਈ।ਜਹਾਜ਼ ਕੋਚੀ ਤੋਂ ਦਿੱਲੀ ਲਈ ਉਡਾਣ ਭਰਨ ਵਾਲਾ ਸੀ, ਪਰ ਉਡਾਣ ਭਰਨ ਤੋਂ ਥੋੜ੍ਹੀ ਦੇਰ ਪਹਿਲਾਂ ਪਾਇਲਟ ਨੂੰ ਕੋਈ ਸਮੱਸਿਆ ਮਹਿਸੂਸ ਹੋਈ। ਪਾਇਲਟ ਨੇ ਤੁਰੰਤ ਏਟੀਸੀ ਨਾਲ ਸੰਪਰਕ ਕੀਤਾ ਅਤੇ ਉਡਾਣ ਰੱਦ ਕਰ ਦਿੱਤੀ।
ਏਅਰ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਫਲਾਈਟ ਨੰਬਰ AI 504 ਵਿੱਚ ਟੇਕਆਫ ਦੌਰਾਨ ਤਕਨੀਕੀ ਖਰਾਬੀ ਦਾ ਪਤਾ ਲੱਗਿਆ ਸੀ। ਕਾਕਪਿਟ ਚਾਲਕ ਦਲ ਨੇ ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ, ਉਡਾਣ ਨਾ ਭਰਨ ਦਾ ਫੈਸਲਾ ਕੀਤਾ । ਏਅਰਲਾਈਨ ਦੇ ਬੁਲਾਰੇ ਅਨੁਸਾਰ, ਇਸ ਮੁੱਦੇ ਨੂੰ ਹੱਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਯਾਤਰੀਆਂ ਲਈ ਵਿਕਲਪਿਕ ਉਡਾਣਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧ ਵਿੱਚ ਕੋਚੀਨ ਹਵਾਈ ਅੱਡੇ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਉਡਾਣ ਵਿੱਚ ਏਰਨਾਕੁਲਮ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਹਿਬੀ ਈਡਨ ਵੀ ਸਵਾਰ ਸਨ। ਕਾਂਗਰਸ ਦੇ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਇਆ ਜਿਵੇਂ ਜਹਾਜ਼ ਰਨਵੇਅ ‘ਤੇ ਫਿਸਲ ਰਿਹਾ ਹੋਵੇ। ਇਸ ਤੋਂ ਬਾਅਦ ਇੱਕ ਹੋਰ ਉਡਾਣ ਸਵੇਰੇ 2:30 ਵਜੇ ਕੋਚੀ ਤੋਂ ਦਿੱਲੀ ਲਈ ਉਡਾਣ ਭਰੀ।
Something unusual with this flight ✈️ AI 504, it just felt like the flight skid on the runway and hasn’t taken off yet. Air India cancelled AI 504 and announced a new flight at 1 am which hasn’t still started boarding, today is the third flight which has been AOG
— Hibi Eden (@HibiEden) August 17, 2025
ਇਸ ਜਹਾਜ਼ ਵਿੱਚ ਰਾਜ ਸਭਾ ਮੈਂਬਰ ਜੇਬੀ ਮਾਥਰ ਵੀ ਸਨ। ਉਨ੍ਹਾਂ ਦੱਸਿਆ ਕਿ ਪਾਇਲਟ ਨੇ ਬਾਅਦ ਵਿੱਚ ਐਲਾਨ ਕੀਤਾ ਕਿ ਜਹਾਜ਼ ਯਾਤਰਾ ਲਈ ਯੋਗ ਨਹੀਂ ਹੈ। ਮਾਥਰ ਨੇ ਕਿਹਾ ਕਿ ਪਾਇਲਟ ਨੇ ਐਲਾਨ ਕੀਤਾ ਕਿ ਇਸ ਜਹਾਜ਼ ਨੂੰ ਯਾਤਰਾ ਲਈ ਨਹੀਂ ਵਰਤਿਆ ਜਾ ਸਕਦਾ। ਇਸ ਲਈ, ਯਾਤਰੀਆਂ ਨੂੰ ਕਿਸੇ ਹੋਰ ਜਹਾਜ਼ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ।