ਨਿਊਜ਼ ਡੈਸਕ: ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ’ਚ ਲਾਰੈਂਸ ਗੈਂਗ ਦੇ ਨਾਲ-ਨਾਲ ਕੁਝ ਸਿਆਸਤਦਾਨ ਅਤੇ ਸਰਕਾਰੀ ਅਧਿਕਾਰੀ ਵੀ ਸ਼ਾਮਲ ਸਨ। ਵਿਦੇਸ਼ ’ਚ ਬੈਠੇ ਲਾਰੈਂਸ ਦੇ ਕੁਝ ਦੋਸਤ ਵੀ ਇਸ ਕਤਲ ਦੇ ਪਿੱਛੇ ਸਨ।
ਭੱਟੀ ਨੇ ਕਿਹਾ ਕਿ ਕਿਸੇ ਸਮੇਂ ਮੂਸੇਵਾਲਾ ਅਤੇ ਲਾਰੈਂਸ ਵਿਚਕਾਰ ਦੋਸਤੀ ਸੀ। ਮੂਸੇਵਾਲਾ ਲਾਰੈਂਸ ਨੂੰ ਖਰਚੇ ਲਈ ਪੈਸੇ ਵੀ ਭੇਜਦਾ ਸੀ, ਪਰ ਜਦੋਂ ਲਾਰੈਂਸ ਗੈਂਗ ਦੀਆਂ ਮੰਗਾਂ ਵਧ ਗਈਆਂ, ਤਾਂ ਇਹ ਦੋਸਤੀ ਦੁਸ਼ਮਣੀ ’ਚ ਬਦਲ ਗਈ। ਇਸ ਤੋਂ ਬਾਅਦ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਗਈ।
ਇਹ ਦਾਅਵਾ ਸ਼ਹਿਜ਼ਾਦ ਭੱਟੀ ਨੇ ਇੱਕ ਪਾਕਿਸਤਾਨੀ ਪੌਡਕਾਸਟ ’ਚ ਕੀਤਾ, ਜਿਸ ਦਾ ਵੀਡੀਓ ਹੁਣ ਵਾਇਰਲ ਹੋ ਰਿਹਾ ਹੈ। 7 ਦਿਨ ਪਹਿਲਾਂ ਰਿਕਾਰਡ ਕੀਤੇ ਇਸ ਪੌਡਕਾਸਟ ’ਚ ਭੱਟੀ ਨੇ ਲਾਰੈਂਸ ਨਾਲ ਆਪਣੀ 3 ਸਾਲ ਦੀ ਦੋਸਤੀ ਅਤੇ ਫਿਰ ਦੁਸ਼ਮਣੀ ਦੀ ਕਹਾਣੀ ਵੀ ਸੁਣਾਈ।
ਮੂਸੇਵਾਲਾ ਦਾ ਕਤਲ
29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ’ਚ 4 ਸ਼ੂਟਰਾਂ ਨੇ ਦਿਨ-ਦਿਹਾੜੇ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਕੁਝ ਦਿਨ ਪਹਿਲਾਂ ਪੰਜਾਬ ਦੀ ਆਮ ਆਦਮੀ ਪਾਰਟੀ (AAP) ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਘਟਾਈ ਸੀ।
ਭੱਟੀ ਦੇ ਸਨਸਨੀਖੇਜ਼ ਦਾਅਵੇ
ਭੱਟੀ ਨੇ ਪੌਡਕਾਸਟ ’ਚ ਕਿਹਾ ਕਿ ਲਾਰੈਂਸ ਖੁਦ ਕੁਝ ਨਹੀਂ ਕਰਦਾ। ਸਾਰੀਆਂ ਵਾਰਦਾਤਾਂ ਭਾਰਤ ਦੀਆਂ ਸਰਕਾਰੀ ਏਜੰਸੀਆਂ ਕਰਦੀਆਂ ਹਨ ਅਤੇ ਲਾਰੈਂਸ ਸਿਰਫ਼ ਉਨ੍ਹਾਂ ਦੀ ਜ਼ਿੰਮੇਵਾਰੀ ਲੈਂਦਾ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਨੂੰ ਖੁਦ ਡੇਢ ਸਾਲ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਅਮਰੀਕੀ ਦੋਸਤਾਂ ਨੇ ਕਰਵਾਈ ਮੁਲਾਕਾਤ
ਭੱਟੀ ਨੇ ਕਿਹਾ ਕਿ ਚੀਨ ਦੇ ਮਸ਼ਹੂਰ ਐਪ ਟਿਕ-ਟੌਕ ’ਤੇ ਕੁਝ ਭਾਰਤੀ ਯੂਜ਼ਰ ਮੱਕਾ-ਮਦੀਨਾ ਦੀਆਂ ਤਸਵੀਰਾਂ ਨਾਲ ਅਪਮਾਨਜਨਕ ਸ਼ਬਦਾਵਲੀ ਵਰਤਦੇ ਸਨ। ਉਸ ਸਮੇਂ ਸਾਡੀ ਭਾਰਤ ’ਚ ਕੋਈ ਪਹੁੰਚ ਨਹੀਂ ਸੀ। ਮੇਰੇ ਅਮਰੀਕਾ ’ਚ ਰਹਿਣ ਵਾਲੇ ਕੁਝ ਖਾਸ ਦੋਸਤਾਂ ਨੇ ਮੇਰੀ ਲਾਰੈਂਸ ਨਾਲ ਮੁਲਾਕਾਤ ਕਰਵਾਈ। ਅਸੀਂ ਲਾਰੈਂਸ ਦੀ ਮਦਦ ਨਾਲ ਉਨ੍ਹਾਂ ਲੋਕਾਂ ਨੂੰ ਧਮਕੀਆਂ ਦਿੱਤੀਆਂ, ਜਿਨ੍ਹਾਂ ਨੇ ਮੱਕਾ-ਮਦੀਨਾ ’ਤੇ ਗਲਤ ਸ਼ਬਦ ਵਰਤੇ ਸਨ। ਇਸ ਤੋਂ ਬਾਅਦ ਸਾਡੀ ਦੋਸਤੀ ਗੂੜ੍ਹੀ ਹੋ ਗਈ।
ਪਾਕਿਸਤਾਨ ਨੂੰ ਧਮਕੀ ’ਤੇ ਵਿਵਾਦ
ਭੱਟੀ ਮੁਤਾਬਕ, ਕੁਝ ਸਮੇਂ ਪਹਿਲਾਂ ਲਾਰੈਂਸ ਗੈਂਗ ਨੇ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਤੋਂ ਆਏ ਮੁਸਲਮਾਨਾਂ ਨੇ ਕਸ਼ਮੀਰ ’ਚ ਹਮਲੇ ਕਰਵਾਏ, ਇਸ ਲਈ ਉਸ ਦੇ ਆਦਮੀ ਪਾਕਿਸਤਾਨ ’ਚ ਦਾਖਲ ਹੋ ਕੇ ਇੱਕ ਲੱਖ ਮੁਸਲਮਾਨਾਂ ਨੂੰ ਮਾਰਨਗੇ। ਇਸ ਧਮਕੀ ਤੋਂ ਬਾਅਦ ਸਾਡੀ ਲਾਰੈਂਸ ਨਾਲ ਦੋਸਤੀ ਟੁੱਟ ਗਈ, ਕਿਉਂਕਿ ਉਸ ਨੇ ਮੇਰੇ ਦੇਸ਼ ਬਾਰੇ ਗਲਤ ਗੱਲ ਕਹੀ।
ਲਾਰੈਂਸ ਦੇ ਦੋਸਤਾਂ ਨੇ ਕਰਵਾਇਆ ਕਤਲ
ਭੱਟੀ ਨੇ ਕਿਹਾ ਕਿ ਮੂਸੇਵਾਲਾ ਨਾਲ ਲਾਰੈਂਸ ਦੀ ਨਿੱਜੀ ਦੁਸ਼ਮਣੀ ਨਹੀਂ ਸੀ। ਵਿਦੇਸ਼ ’ਚ ਲਾਰੈਂਸ ਦੇ ਕੁਝ ਦੋਸਤਾਂ ਨੇ ਉਸ ਨੂੰ ਮਰਵਾਇਆ। ਉਨ੍ਹਾਂ ਦੇ ਕਹਿਣ ’ਤੇ ਹੀ ਇਹ ਕਤਲ ਹੋਇਆ। ਲਾਰੈਂਸ ਨੇ ਸਿਰਫ਼ ਕਤਲ ਦੀ ਜ਼ਿੰਮੇਵਾਰੀ ਲਈ। ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ 22 ਮਈ ਨੂੰ ਮੂਸੇਵਾਲਾ ਦਾ ਕਤਲ ਹੋਣ ਵਾਲਾ ਸੀ। ਜਦੋਂ ਅਖਬਾਰਾਂ ’ਚ ਮੂਸੇਵਾਲਾ ਦੀ ਸੁਰੱਖਿਆ ਘਟਾਏ ਜਾਣ ਦੀਆਂ ਖਬਰਾਂ ਆਈਆਂ, ਤਾਂ ਸਾਜ਼ਿਸ਼ ਰਚੀ ਗਈ। ਕਤਲ ’ਚ ਕਈ ਸਰਕਾਰੀ ਲੋਕ ਸ਼ਾਮਲ ਸਨ, ਜੋ ਮੂਸੇਵਾਲਾ ਦੀ ਹਰ ਹਰਕਤ ਸ਼ੂਟਰਾਂ ਨੂੰ ਦੱਸ ਰਹੇ ਸਨ।