ਚੰਡੀਗੜ੍ਹ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦਿੱਲੀ ਜ਼ੋਨਲ ਦਫ਼ਤਰ ਨੇ ਪੰਚਕੂਲਾ ਸਥਿਤ ਦੋ ਪ੍ਰਮੁੱਖ ਹਸਪਤਾਲਾਂ ਅਲਕੇਮਿਸਟ ਅਤੇ ਓਜਸ ਹਸਪਤਾਲ ਦੀ 127.33 ਕਰੋੜ ਰੁਪਏ ਦੀ ਜਾਇਦਾਦ ਨੂੰ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਵਿੱਚ ਅਸਥਾਈ ਤੌਰ ‘ਤੇ ਜ਼ਬਤ ਕਰ ਲਈ ਹੈ। ਇਹ ਕਾਰਵਾਈ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) 2002 ਦੇ ਤਹਿਤ ਕੀਤੀ ਗਈ ਹੈ।
ਈਡੀ ਵੱਲੋਂ ਇਹ ਜ਼ਬਤ ਕੀਤੀ ਗਈ ਜਾਇਦਾਦ ਅਲਕੈਮਿਸਟ ਗਰੁੱਪ, ਇਸਦੇ ਡਾਇਰੈਕਟਰਾਂ, ਪ੍ਰਮੋਟਰਾਂ ਅਤੇ ਸੰਬੰਧਿਤ ਕੰਪਨੀਆਂ ਵਿਰੁੱਧ ਚੱਲ ਰਹੀ ਮਨੀ ਲਾਂਡਰਿੰਗ ਜਾਂਚ ਦਾ ਹਿੱਸਾ ਹੈ। ਇਹ ਮਾਮਲਾ ਜਾਅਲੀ ਨਿਵੇਸ਼ ਯੋਜਨਾਵਾਂ ਅਤੇ ਗੈਰ-ਕਾਨੂੰਨੀ ਫੰਡ ਟ੍ਰਾਂਸਫਰ ਰਾਹੀਂ ਜਨਤਾ ਤੋਂ ਹਜ਼ਾਰਾਂ ਕਰੋੜ ਰੁਪਏ ਦੀ ਧੋਖਾਧੜੀ ਨਾਲ ਸਬੰਧਿਤ ਹੈ। ਇਹ ਜਾਂਚ ਪਹਿਲਾਂ ਕੋਲਕਾਤਾ ਪੁਲਿਸ ਅਤੇ ਫਿਰ ਸੀਬੀਆਈ ਦੀ ਏਸੀਬੀ ਲਖਨਊ ਯੂਨਿਟ ਦੁਆਰਾ ਭਾਰਤੀ ਦੰਡ ਸੰਹਿਤਾ ਦੀ ਧਾਰਾ 120-ਬੀ ਅਤੇ 420 ਦੇ ਤਹਿਤ ਦਰਜ ਕੀਤੇ ਗਏ ਇੱਕ ਮਾਮਲੇ ਦੇ ਆਧਾਰ ‘ਤੇ ਸ਼ੁਰੂ ਕੀਤੀ ਗਈ ਸੀ। ਐਫਆਈਆਰ ਵਿੱਚ ਅਲਕੇਮਿਸਟ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ, ਅਲਕੇਮਿਸਟ ਇਨਫਰਾ ਰਿਐਲਟੀ ਪ੍ਰਾਈਵੇਟ ਲਿਮਟਿਡ ਅਤੇ ਗਰੁੱਪ ਮੁਖੀ ਕੰਵਰ ਦੀਪ ਸਿੰਘ ਸਮੇਤ ਹੋਰਨਾਂ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ।
ਈਡੀ ਨੇ ਖੁਲਾਸਾ ਕੀਤਾ ਕਿ ਅਲਕੇਮਿਸਟ ਹੋਲਡਿੰਗਜ਼ ਲਿਮਟਿਡ ਅਤੇ ਅਲਕੇਮਿਸਟ ਟਾਊਨਸ਼ਿਪ ਇੰਡੀਆ ਲਿਮਟਿਡ ਨੇ ਜਾਅਲੀ ਸਮੂਹਿਕ ਨਿਵੇਸ਼ ਯੋਜਨਾਵਾਂ ਦੇ ਤਹਿਤ ਨਿਵੇਸ਼ਕਾਂ ਤੋਂ ਗੈਰ-ਕਾਨੂੰਨੀ ਤੌਰ ‘ਤੇ 1,848 ਕਰੋੜ ਰੁਪਏ ਇਕੱਠੇ ਕੀਤੇ। ਇਸ ਪੈਸੇ ਦੀ ਦੁਰਵਰਤੋਂ ਕਈ ਪੱਧਰਾਂ ‘ਤੇ ਲੈਣ-ਦੇਣ ਰਾਹੀਂ ਹਸਪਤਾਲਾਂ ਦੇ ਸ਼ੇਅਰ ਖਰੀਦਣ ਲਈ ਕੀਤੀ ਗਈ ਤਾਂ ਜੋ ਪੈਸੇ ਦੇ ਸਰੋਤ ਨੂੰ ਜਾਇਜ਼ ਦਿਖਾਇਆ ਜਾ ਸਕੇ। ਕੁਰਕ ਕੀਤੇ ਗਏ ਸ਼ੇਅਰਾਂ ਵਿੱਚੋਂ, ਅਲਕੇਮਿਸਟ ਹਸਪਤਾਲ ਵਿੱਚ 40.94 ਪ੍ਰਤੀਸ਼ਤ ਸ਼ੇਅਰ ਅਤੇ ਓਜਸ ਹਸਪਤਾਲ ਵਿੱਚ 37.24 ਪ੍ਰਤੀਸ਼ਤ ਸ਼ੇਅਰ ਮੈਸਰਜ਼ ਸੋਰਸ ਐਗਰੀਟੈਕ ਪ੍ਰਾਈਵੇਟ ਲਿਮਟਿਡ ਕੋਲ ਹਨ, ਜੋ ਕਿ ਕੰਵਰ ਦੀਪ ਸਿੰਘ ਦੇ ਪੁੱਤਰ ਕਰਨ ਦੀਪ ਸਿੰਘ ਦੀ ਮਲਕੀਅਤ ਵਾਲੀ ਕੰਪਨੀ ਹੈ।