1993 ਫਰਜ਼ੀ ਐਨਕਾਊਂਟਰ ਮਾਮਲਾ: ਸਾਬਕਾ SP ਨੂੰ 10 ਸਾਲ ਦੀ ਜੇਲ, ਪਰਿਵਾਰ ਜਾਰੀ ਰੱਖੇਗਾ ਕਾਨੂੰਨੀ ਲੜਾਈ

Global Team
3 Min Read

ਚੰਡੀਗੜ੍ਹ: 1993 ਵਿੱਚ ਸਿਪਾਹੀ ਗੁਰਮੁਖ ਸਿੰਘ ਅਤੇ ਸੁਖਵਿੰਦਰ ਸਿੰਘ ਦੇ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਉਸ ਸਮੇਂ ਦੇ ਇੰਸਪੈਕਟਰ ਅਤੇ ਬਾਅਦ ਵਿੱਚ ਐਸਪੀ ਦੇ ਅਹੁਦੇ ਤੋਂ ਰਿਟਾਇਰ ਹੋਏ ਪਰਮਜੀਤ ਸਿੰਘ ਵਿਰਕ ਨੂੰ ਦੋਸ਼ੀ ਕਰਾਰ ਦਿੱਤਾ ਅਤੇ ਉਨ੍ਹਾਂ ਨੂੰ 10 ਸਾਲ ਦੀ ਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਜਦਕਿ ਬਾਕੀ ਤਿੰਨ ਨੂੰ ਅਦਾਲਤ ਨੇ ਬਰੀ ਕਰ ਦਿੱਤਾ।

ਮ੍ਰਿਤਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਨਹੀਂ ਮਿਲਿਆ। ਉਹ ਚਾਹੁੰਦੇ ਸਨ ਕਿ ਸਾਰੇ ਦੋਸ਼ੀਆਂ ਨੂੰ ਸਜ਼ਾ ਮਿਲੇ। ਹੁਣ ਉਹ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਦੀ ਤਿਆਰੀ ਕਰ ਰਹੇ ਹਨ ਅਤੇ ਕਾਨੂੰਨੀ ਲੜਾਈ ਜਾਰੀ ਰੱਖਣਗੇ।

ਘਰੋਂ ਚੁੱਕਿਆ, ਅੱਜ ਤੱਕ ਪਤਾ ਨਹੀਂ

ਸਿਪਾਹੀ ਸੁਖਵਿੰਦਰ ਸਿੰਘ ਦੇ ਭਤੀਜੇ ਅਮ੍ਰਿਤਪਾਲ ਸਿੰਘ ਨੇ ਦੱਸਿਆ, “ਉਹ ਮੇਰੇ ਤਾਇਆ ਸਨ। ਇਹ 1993 ਦੀ ਗੱਲ ਹੈ। ਉਹ ਅੰਮ੍ਰਿਤਸਰ ਦੇ ਸਦਰ ਥਾਣੇ ਵਿੱਚ ਤਾਇਨਾਤ ਸਨ। ਉਸ ਸਮੇਂ ਉਨ੍ਹਾਂ ਦੀ ਸਿਹਤ ਖਰਾਬ ਸੀ, ਇਸ ਲਈ ਉਹ ਘਰ ਹੀ ਸਨ। ਇੱਕ ਦਿਨ ਦੋ ਪੁਲਿਸ ਵਾਲੀਆਂ ਗੱਡੀਆਂ ਵਿੱਚ ਕੁਝ ਮੁਲਾਜ਼ਮ ਆਏ ਅਤੇ ਕਿਹਾ ਕਿ ‘ਸਾਹਬ ਨੇ ਬੁਲਾਇਆ ਹੈ।’

ਇਸ ਬਹਾਨੇ ਉਹ ਉਨ੍ਹਾਂ ਨੂੰ ਨਾਲ ਲੈ ਗਏ, ਪਰ ਉਸ ਤੋਂ ਬਾਅਦ ਉਹ ਵਾਪਸ ਨਹੀਂ ਆਏ। ਉਨ੍ਹਾਂ ਦਾ ਫਰਜ਼ੀ ਐਨਕਾਊਂਟਰ ਕਰ ਦਿੱਤਾ ਗਿਆ। ਸਾਨੂੰ ਉਨ੍ਹਾਂ ਦੀ ਲਾਸ਼ ਵੀ ਨਹੀਂ ਵਿਖਾਈ ਗਈ, ਨਾ ਹੀ ਚਿਹਰਾ ਵੇਖਣ ਦਿੱਤਾ ਗਿਆ।ਸਿਰਫ਼ ਇੱਕ ਦੋਸ਼ੀ ਨੂੰ ਸਜ਼ਾ ਮਿਲੀ, ਬਾਕੀ ਤਿੰਨ ਬਰੀ ਹੋ ਗਏ। ਅਸੀਂ ਇਸ ਮਾਮਲੇ ਨੂੰ ਹਾਈਕੋਰਟ ’ਚ ਲੈ ਕੇ ਜਾਵਾਂਗੇ।”

“ਮੇਰੇ ਪਿਤਾ ਨੂੰ ਮਾਰਿਆ, ਮੇਰਾ ਕਰੀਅਰ ਬਰਬਾਦ ਕੀਤਾ”

ਮ੍ਰਿਤਕ ਸਿਪਾਹੀ ਗੁਰਮੁਖ ਸਿੰਘ ਦੇ ਪੁੱਤਰ ਚਰਨਜੀਤ ਸਿੰਘ ਨੇ ਕਿਹਾ, “ਅਸੀਂ ਇਸ ਫੈਸਲੇ ਨਾਲ ਸੰਤੁਸ਼ਟ ਨਹੀਂ ਹਾਂ। ਦੋਸ਼ੀਆਂ ਨੂੰ ਕਤਲ ਦੇ ਮਾਮਲੇ ਵਿੱਚ ਸਜ਼ਾ ਮਿਲਣੀ ਚਾਹੀਦੀ ਸੀ। ਇਨ੍ਹਾਂ ਲੋਕਾਂ ਕਾਰਨ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਮੇਰੀ ਪੁਲਿਸ ਵਿੱਚ ਨੌਕਰੀ ਲੱਗ ਚੁੱਕੀ ਸੀ, ਮੇਰਾ ਨਾਂ ਮੈਰਿਟ ਲਿਸਟ ਵਿੱਚ ਸੀ, ਪਰ ਇਨ੍ਹਾਂ ਦੇ ਝੂਠੇ ਦੋਸ਼ਾਂ ਕਾਰਨ ਮੈਨੂੰ ਨੌਕਰੀ ਨਹੀਂ ਮਿਲੀ।

ਇਨ੍ਹਾਂ ਨੇ ਮੇਰੇ ਪਿਤਾ ਦਾ ਕਤਲ ਕੀਤਾ ਅਤੇ ਮੇਰਾ ਕਰੀਅਰ ਵੀ ਖਰਾਬ ਕਰ ਦਿੱਤਾ। ਮੇਰੇ ਪਿਤਾ ਬਹੁਤ ਇੱਜ਼ਤਦਾਰ ਅਤੇ ਚੰਗੇ ਇਨਸਾਨ ਸਨ। ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੈਨੂੰ ਨੌਕਰੀ ’ਤੇ ਬਹਾਲ ਕੀਤਾ ਜਾਵੇ।”

Share This Article
Leave a Comment