ਪਟਿਆਲਾ: ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਤਿੰਨ ਮਾਸੂਮ ਸਕੀਆਂ ਭੈਣਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚੀਆਂ ਦੀ ਪਛਾਣ ਨਗਮਾ ਖਾਤੂਨ (7 ਸਾਲ), ਰੁਕਸਾਰ ਖਾਤੂਨ (5 ਸਾਲ) ਅਤੇ ਖੁਸ਼ੀ ਖਾਤੂਨ (3 ਸਾਲ) ਵਜੋਂ ਹੋਈ ਹੈ, ਜੋ ਮੁਹੰਮਦ ਫਾਰੂਕਦੀਨ ਅਤੇ ਨਸੋ ਖਾਤੂਨ ਦੀਆਂ ਧੀਆਂ ਸਨ। ਇਹ ਪਰਿਵਾਰ ਬਿਹਾਰ ਦੇ ਰਈਆ ਜ਼ਿਲ੍ਹੇ ਦੇ ਪਿੰਡ ਲੱਖਰਾ ਬਸਤੀ ਤੋਂ ਪਾਤੜਾਂ ਵਿੱਚ ਦਿਹਾੜੀ ਮਜ਼ਦੂਰੀ ਲਈ ਆਇਆ ਸੀ।
ਮੁਆਵਜ਼ੇ ਦਾ ਐਲਾਨ
ਪੰਜਾਬ ਸਰਕਾਰ ਨੇ ਇਸ ਦੁਖਦਾਈ ਘਟਨਾ ‘ਤੇ ਪਰਿਵਾਰ ਨੂੰ ਮੁਆਵਜ਼ੇ ਦਾ ਐਲਾਨ ਕੀਤਾ ਹੈ। ਜਾਣਕਾਰੀ ਦਿੰਦਿਆਂ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਦੱਸਿਆ ਕਿ ਅੱਜ ਪਾਤੜਾਂ ਵਿਖੇ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ ਹੈ, ਜਿਸ ਵਿਚ ਪ੍ਰਵਾਸੀ ਮਜ਼ਦੂਰ ਦੇ ਇਕ ਪਰਿਵਾਰ ਦੀਆਂ ਤਿੰਨੋਂ ਲੜਕੀਆਂ ਦੀ ਹੀ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ।
ਉਨ੍ਹਾਂ ਕਿਹਾ ਕਿ ਇਹ ਦਰਦਨਾਕ ਘਟਨਾ ਪਰਿਵਾਰ ਲਈ ਅਤੇ ਸਮੁੱਚੇ ਹਲਕੇ ਲਈ ਅਸਹਿ ਹੈ ਅਤੇ ਇਸ ਘਟਨਾ ਨਾਲ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਦੁਖੀ ਪਰਿਵਾਰ ਨਾਲ ਹਰਮਦਰਦੀ ਪ੍ਰਗਟ ਕਰਦਿਆਂ 4 ਲੱਖ ਰੁਪਏ ਪ੍ਰਤੀ ਬੱਚਾ ਮੁਆਵਜ਼ਾ ਪਰਿਵਾਰ ਨੂੰ ਦਿੱਤਾ ਜਾਵੇਗਾ। ਇਸ ਮੌਕੇ ਇਥੇ ਉਪ ਮੰਡਲ ਮੈਜਿਸਟਰੇਟ ਪਾਤੜਾਂ ਅਸ਼ੋਕ ਕੁਮਾਰ ਵੀ ਹਾਜ਼ਰ ਸਨ।
ਪੁਲਿਸ ਅਨੁਸਾਰ, ਘਟਨਾ ਅਨਾਜ ਮੰਡੀ, ਪਾਤੜਾਂ ਦੇ ਨੇੜੇ ਵਾਪਰੀ, ਜਿੱਥੇ ਪਰਿਵਾਰ ਇੱਕ ਪਲਾਟ ਵਿੱਚ ਰਹਿੰਦਾ ਸੀ। ਹਾਦਸੇ ਸਮੇਂ ਤਿੰਨੋਂ ਬੱਚੀਆਂ ਘਰ ਵਿੱਚ ਇਕੱਲੀਆਂ ਸਨ, ਕਿਉਂਕਿ ਉਨ੍ਹਾਂ ਦੇ ਮਾਪੇ ਦਿਹਾੜੀ ਮਜ਼ਦੂਰੀ ਲਈ ਬਾਹਰ ਗਏ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਘਰ ਵਿੱਚ ਲਗਾਇਆ ਬਿਜਲੀ ਦਾ ਪੱਖਾ ਲੋਹੇ ਦੇ ਮੰਜੇ ਦੇ ਬਹੁਤ ਨੇੜੇ ਸੀ। ਅਚਾਨਕ ਪੱਖੇ ਦੀ ਤਾਰ ਮੰਜੇ ਨਾਲ ਛੂਹ ਗਈ, ਜਿਸ ਕਾਰਨ ਮੰਜੇ ਵਿੱਚ ਕਰੰਟ ਦੌੜ ਗਿਆ। ਇਸ ਹਾਦਸੇ ਵਿੱਚ ਮੰਜੇ ‘ਤੇ ਸੁੱਤੀਆਂ ਤਿੰਨੋਂ ਬੱਚੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।