ਅੰਮ੍ਰਿਤਸਰ: ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਕੂੜੇ ਵਾਲੀ ਗੱਡੀ ‘ਚ ਗੁਟਕਾ ਸਾਹਿਬ ਦੇ ਅੰਗ ਮਿਲਣ ਦੀ ਘਟਨਾ ਸਾਹਮਣੇ ਆਈ ਹੈ। ਸਿੱਖ ਜਥੇਬੰਦੀਆਂ ਨੇ ਇਨ੍ਹਾਂ ਦੀ ਬੇਅਦਬੀ ਮੰਨਦਿਆਂ ਥਾਣਾ ਰਣਜੀਤ ਐਵਨਿਊ ਵਿੱਚ ਰੋਸ ਜਤਾਇਆ ਅਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਰੋਬਿਨ ਹੰਸ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਾਂਚ ਜਾਰੀ ਹੈ।
ਕੂੜਾ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਕੂੜਾ ਚੁੱਕਦੇ ਸਮੇਂ, ਉਸ ਨੂੰ ਸ੍ਰੀ ਗੁਟਕਾ ਸਾਹਿਬ ਦੇ ਅੰਗ ਮਿਲੇ ਅਤੇ ਉਸ ਨੇ ਉਨ੍ਹਾਂ ਨੂੰ ਡੀ-ਬਲਾਕ, ਰਣਜੀਤ ਐਵੇਨਿਊ ਵਿਖੇ ਸਥਿਤ ਗੁਰਦੁਆਰਾ ਨੂੰ ਸੌਂਪਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਅਜਿਹਾ ਕੁਝ ਉਨ੍ਹਾਂ ਤੱਕ ਨਹੀਂ ਪਹੁੰਚਿਆ ਅਤੇ ਕਿਹਾ ਕਿ ਸੀਸੀਟੀਵੀ ਕੈਮਰੇ ਕੰਮ ਨਹੀਂ ਕਰ ਰਹੇ ਸਨ।
ਜਥੇਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇ ਜਿੰਮੇਵਾਰਾਂ ਦੀ ਪਛਾਣ ਕਰਕੇ ਸਖ਼ਤ ਕਾਰਵਾਈ ਨਾ ਕੀਤੀ ਗਈ ਤਾਂ ਸੂਬਾ ਪੱਧਰੀ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਨਿਹੰਗ ਸਿੰਘ ਬਾਬਾ ਪਾਰਸ ਅਤੇ ਮਨਦੀਪ ਸਿੰਘ ਸਿੱਖ ਆਗੂਆਂ ਨੇ ਮੀਡੀਆ ਰਾਹੀਂ ਪ੍ਰਸ਼ਾਸਨ ਨੂੰ ਸਿੱਧਾ ਸੰਦੇਸ਼ ਦਿੰਦਿਆਂ ਕਿਹਾ ਕਿ ਇਹ ਗੱਲ ਸਿਰਫ ਸਿੱਖਾਂ ਦੀ ਨਹੀਂ, ਸਾਰੇ ਜਗਤ ਦੀ ਮਰਯਾਦਾ ਨਾਲ ਜੁੜੀ ਹੋਈ ਹੈ। ਜਥੇਬੰਦੀਆਂ ਵਲੋਂ ਇਲਜ਼ਾਮ ਲਗਾਇਆ ਗਿਆ ਕਿ ਇਹ ਅੰਗ ਕਿਸੇ ਨੇ ਜਾਣਬੁੱਝ ਕੇ ਘਰ ਦੇ ਕੂੜੇ ਵਿਚ ਸੁੱਟੇ ਹਨ, ਜੋ ਕਿ ਸਿੱਧੀ ਤੌਰ ‘ਤੇ ਬੇਅਦਬੀ ਹੈ। ਜਦੋਂ ਕੂੜਾ ਸੁੱਟਣ ਵੇਲੇ ਗੱਡੀ ਦੇ ਡਰਾਈਵਰ ਨੂੰ ਇਸ ਦੀ ਜਾਣਕਾਰੀ ਹੋਈ ਤਾਂ ਉਸ ਵੱਲੋਂ ਗੁਟਕਾ ਸਾਹਿਬ ਦੇ ਅੰਗ ਅਤੇ ਪੋਥੀਆਂ ਰਣਜੀਤ ਐਵਨਿਊ-ਡੀ ਬਲਾਕ ਦੇ ਗੁਰਦੁਆਰਾ ਸਾਹਿਬ ਵਿਖੇ ਕਿਸੇ ਸੰਗਤ ਨੂੰ ਦਿੱਤੇ ਜਾਣ ਦੀ ਵੀ ਗੱਲ ਸਾਹਮਣੇ ਆਈ, ਪਰ ਉਹ ਵਿਅਕਤੀ ਕੌਣ ਸੀ, ਇਸ ਦੀ ਪੁਸ਼ਟੀ ਨਹੀਂ ਹੋ ਸਕੀ।