ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ’ਤੇ ਕੀਤੀਆਂ ਟਿੱਪਣੀਆਂ ਨੇ ਸਿਆਸੀ ਵਿਵਾਦ ਨੂੰ ਹਵਾ ਦੇ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਟਿੱਪਣੀਆਂ ਨੂੰ ਗੈਰ-ਜ਼ਿੰਮੇਵਾਰਾਨਾ ਅਤੇ ਅਫਸੋਸਜਨਕ ਕਰਾਰ ਦਿੱਤਾ, ਕਹਿੰਦਿਆਂ ਕਿ ਇਹ ਭਾਰਤ ਦੇ ਮਿੱਤਰ ਦੇਸ਼ਾਂ ਨਾਲ ਸਬੰਧਾਂ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਅਜਿਹੀਆਂ ਅਣਉਚਿਤ ਟਿੱਪਣੀਆਂ ਤੋਂ ਆਪਣੇ ਆਪ ਨੂੰ ਵੱਖ ਕਰਦੀ ਹੈ।
ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਮਾਨ ਨੇ ਫਿਰ ਬਿਆਨ ਦਿੱਤਾ, “ਕੀ ਸਾਨੂੰ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਦਾ ਹੱਕ ਨਹੀਂ? ਉਹ ਕਿਹੜੇ ਦੇਸ਼ਾਂ ’ਚ ਜਾ ਰਹੇ ਹਨ ਅਤੇ ਸਾਡੀ ਵਿਦੇਸ਼ ਨੀਤੀ ਕੀ ਹੈ, ਇਹ ਜਾਨਣਾ ਜਨਤਾ ਦਾ ਹੱਕ ਹੈ।” ਉਨ੍ਹਾਂ ਅੱਗੇ ਕਿਹਾ, “ਉਹ ਚੰਦਰਯਾਨ ਦੀਆਂ ਗੱਲਾਂ ਕਰਦੇ ਹਨ, ਪਰ ਸੀਵਰੇਜ ਦੇ ਢੱਕਣ ਪੂਰੇ ਨਹੀਂ ਹੁੰਦੇ। ਵਿਸ਼ਵ ਗੁਰੂ ਬਣਨ ਦੀਆਂ ਗੱਲਾਂ ਕਰਦੇ ਹਨ, ਪਰ ਸਾਨੂੰ ਸੱਦਾ ਨਹੀਂ ਦਿੰਦੇ। ਦਿਲਜੀਤ ਦੀ ਫਿਲਮ ’ਚ ਪਾਕਿਸਤਾਨੀ ਕਲਾਕਾਰ ਸਨ, ਹੁਣ ਫਿਲਮ ਨਹੀਂ ਚੱਲਣ ਦਿੱਤੀ ਜਾ ਰਹੀ। ਕਦੇ ਸਾਨੂੰ ਸਰਦਾਰ ਜੀ ਕਹਿੰਦੇ ਹਨ, ਕਦੇ ਗੱਦਾਰ। ਪਰ ਪੀਐਮ ਸਾਹਿਬ ਖੁਦ ਬਿਰਯਾਨੀ ਖਾਣ ਪਾਕਿਸਤਾਨ ਚਲੇ ਜਾਂਦੇ ਹਨ।”
ਵਿਧਾਨ ਸਭਾ ਤੋਂ ਬਾਹਰ ਮੀਡੀਆ ਨਾਲ ਗੱਲਬਾਤ ’ਚ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ‘ਤੜੀਪਾਰ’ ਕਹਿ ਕੇ ਹੋਰ ਵਿਵਾਦ ਖੜ੍ਹਾ ਕਰ ਦਿੱਤਾ, ਕਹਿੰਦਿਆਂ ਕਿ “ਗੁਜਰਾਤ ’ਚ ਇਹ ਕਾਨੂੰਨ ਹੈ।” ਇਸ ਨਾਲ ਸਿਆਸੀ ਮਾਹੌਲ ਹੋਰ ਗਰਮਾ ਗਿਆ ਅਤੇ ਕੇਂਦਰ-ਪੰਜਾਬ ਸਰਕਾਰ ਵਿਚਕਾਰ ਤਣਾਅ ਵਧ ਗਿਆ।
ਵੀਰਵਾਰ ਨੂੰ ਕੈਬਨਿਟ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ’ਚ, ਜਦੋਂ ਹਰਿਆਣਾ-ਪੰਜਾਬ ਦੇ ਪਾਣੀ ਦੇ ਮੁੱਦੇ ’ਤੇ ਸਵਾਲ ਪੁੱਛਿਆ ਗਿਆ, ਤਾਂ ਮਾਨ ਨੇ ਕਿਹਾ, “ਪੀਐਮ ਜੀ ਕਿੱਥੇ ਗਏ ਹਨ? ਘਾਨਾ ਗਏ ਹਨ।” ਮੀਡੀਆ ਨੇ ਦੱਸਿਆ ਕਿ ਉਹ ਵਾਪਸ ਆ ਰਹੇ ਹਨ, ਤਾਂ ਮਾਨ ਨੇ ਕਿਹਾ, “ਅਸੀਂ ਦੇਸ਼ ’ਚ ਉਨ੍ਹਾਂ ਦਾ ਸਵਾਗਤ ਕਰਾਂਗੇ। ਮੈਗਨੀਸ਼ੀਆ, ਗਰਬੇਸ਼ੀਆ, ਪਤਾ ਨਹੀਂ ਕਿੱਥੇ-ਕਿੱਥੇ ਜਾ ਰਹੇ ਹਨ। ਜਿੱਥੇ 140 ਕਰੋੜ ਲੋਕ ਰਹਿੰਦੇ ਹਨ, ਉੱਥੇ ਨਹੀਂ ਰਹਿੰਦੇ। ਜਿਸ ਦੇਸ਼ ’ਚ ਜਾਂਦੇ ਹਨ, ਉੱਥੇ 10,000 ਦੀ ਆਬਾਦੀ ਹੁੰਦੀ ਹੈ, ਅਤੇ ਉੱਥੋਂ ਸਰਵਉੱਚ ਸਨਮਾਨ ਮਿਲ ਜਾਂਦਾ ਹੈ। ਇੱਥੇ ਤਾਂ 10,000 ਲੋਕ ਜੇਸੀਬੀ ਵੇਖਣ ਲਈ ਇਕੱਠੇ ਹੋ ਜਾਂਦੇ ਹਨ।”
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਮਾਨ ਦਾ ਨਾਂ ਲਏ ਬਿਨਾਂ ਕਿਹਾ, “ਅਸੀਂ ਇੱਕ ਸਿਆਸਤਦਾਨ ਦੀਆਂ ਗਲੋਬਲ ਸਾਊਥ ਮਿੱਤਰ ਦੇਸ਼ਾਂ ਬਾਰੇ ਟਿੱਪਣੀਆਂ ਵੇਖੀਆਂ ਹਨ। ਇਹ ਗੈਰ-ਜ਼ਿੰਮੇਵਾਰਾਨਾ ਅਤੇ ਸਿਆਸਤ ਨੂੰ ਸ਼ੋਭਾ ਨਹੀਂ ਦਿੰਦੀਆਂ।” ਮਾਨ ਨੇ ਜਵਾਬ ’ਚ ਕਿਹਾ, “ਕੀ ਸਾਨੂੰ ਪੀਐਮ ਤੋਂ ਵਿਦੇਸ਼ ਨੀਤੀ ਬਾਰੇ ਪੁੱਛਣ ਦਾ ਹੱਕ ਨਹੀਂ? ਜਦੋਂ ਪਾਕਿਸਤਾਨ ਨਾਲ ਸਬੰਧ ਖਰਾਬ ਹੋਏ, ਕਿਸੇ ਦੇਸ਼ ਨੇ ਸਾਡਾ ਸਾਥ ਨਹੀਂ ਦਿੱਤਾ। 9500 ਦੀ ਆਬਾਦੀ ਵਾਲੇ ਦੇਸ਼ ਦਾ ਸਰਵਉੱਚ ਸਨਮਾਨ ਲੈਣ ਜਾਂਦੇ ਹਨ, ਪਰ 140 ਕਰੋੜ ਦੀਆਂ ਸਮੱਸਿਆਵਾਂ ਨਹੀਂ ਸੁਲਝਾਉਂਦੇ। ਜੇਕਰ ਯੂਕਰੇਨ-ਰੂਸ ਦੀ ਜੰਗ ਰੋਕ ਸਕਦੇ ਹੋ, ਤਾਂ ਪੰਜਾਬ-ਹਰਿਆਣਾ ਦੇ ਮਸਲੇ ਕਿਉਂ ਨਹੀਂ ਸੁਲਝਦੇ?”