ਪਟਿਆਲਾ: ਪਟਿਆਲਾ ਪੁਲਿਸ ਨੇ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਦਾ ਪੁਰਾਣਾ ਮੋਬਾਈਲ ਨੰਬਰ ਦੁਬਾਰਾ ਐਕਟਿਵ ਕਰਕੇ ਠੱਗੀ ਕਰਨ ਵਾਲੇ ਇੱਕ ਸ਼ਾਤਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਇਹ ਵਿਅਕਤੀ ਆਪਣੇ ਆਪ ਨੂੰ ਸਿਸੋਦੀਆ ਦਾ ਪਰਸਨਲ ਅਸਿਸਟੈਂਟ (PA) ਦੱਸ ਕੇ ਮੰਤਰੀਆਂ, ਅਧਿਕਾਰੀਆਂ ਅਤੇ ਨੇਤਾਵਾਂ ਤੋਂ ਪੈਸੇ ਮੰਗਦਾ ਸੀ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਹਰਿਆਣਾ ਦੇ ਰੇਵਾੜੀ ਦੇ ਧਾਰੂਹੇੜਾ ਨਿਵਾਸੀ ਜੈ ਕ੍ਰਿਸ਼ਨ ਭਾਰਦਵਾਜ ਵਜੋਂ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਵੱਡੇ ਸਾਈਬਰ ਫਰਾਡ ਗਿਰੋਹ ਦਾ ਹਿੱਸਾ ਹੈ।
ਫੋਨ ਦੀ ਜਾਂਚ ਨੇ ਖੋਲ੍ਹੀ ਪੋਲ
ਪੁਲਿਸ ਮੁਤਾਬਕ, ਜੂਨ ਮਹੀਨੇ ’ਚ ਇੱਕ ਮਾਮਲੇ ’ਚ ਜ਼ਮਾਨਤ ਦੇਣ ਦੇ ਨਾਂ ’ਤੇ ਫਰਜ਼ੀ ਠੱਗੀ ਦਾ ਕੇਸ ਸਾਹਮਣੇ ਆਇਆ ਸੀ। ਜਦੋਂ ਜਾਂਚ ਅੱਗੇ ਵਧੀ ਤਾਂ ਪਤਾ ਲੱਗਾ ਕਿ ਇਹ ਗਿਰੋਹ ਮਾਲ ਵਿਭਾਗ ਦੇ ਜਾਅਲੀ ਦਸਤਾਵੇਜ਼ ਬਣਾ ਕੇ ਠੱਗੀ ਕਰਦਾ ਸੀ। ਇਸ ਦਾ ਮਾਸਟਰਮਾਈਂਡ ਜੈ ਕ੍ਰਿਸ਼ਨ ਭਾਰਦਵਾਜ ਸੀ। ਗ੍ਰਿਫਤਾਰੀ ਦੌਰਾਨ ਉਸ ਦੇ ਕਬਜ਼ੇ ’ਚੋਂ 5-6 ਮੋਬਾਈਲ ਫੋਨ ਮਿਲੇ। ਇਨ੍ਹਾਂ ਦੀ ਫੋਰੈਂਸਿਕ ਜਾਂਚ ’ਚ ਇੱਕ ਨੰਬਰ ਸਾਹਮਣੇ ਆਇਆ, ਜੋ ਮਨੀਸ਼ ਸਿਸੋਦੀਆ ਦਾ ਪੁਰਾਣਾ ਨੰਬਰ ਸੀ। ਇਹ ਨੰਬਰ ਉਸ ਨੇ ਟੈਲੀਕਾਮ ਕੰਪਨੀ ਦੇ ਕੁਝ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਹਾਸਲ ਕੀਤਾ ਸੀ।
ਇਸ ਨੰਬਰ ਦੀ ਵਰਤੋਂ ਕਰਕੇ ਉਹ ਸਿਸੋਦੀਆ ਦਾ PA ਬਣ ਕੇ ਪੰਜਾਬ ਦੇ ਕਈ ਲੋਕਾਂ ਨਾਲ ਸੰਪਰਕ ਕਰਦਾ ਅਤੇ ਕੰਮ ਕਰਵਾਉਣ ਦੇ ਬਹਾਨੇ ਪੈਸੇ ਮੰਗਦਾ ਸੀ। ਪੁਲਿਸ ਨੂੰ ਉਸ ਦੀਆਂ ਚੈਟਾਂ ਅਤੇ ਮੈਸੇਜ ਵੀ ਮਿਲੇ ਹਨ। ਪੁੱਛਗਿੱਛ ’ਚ ਉਸ ਨੇ ਮੰਨਿਆ ਕਿ ਉਸ ਦੇ ਟੈਲੀਕਾਮ ਮੁਲਾਜ਼ਮਾਂ ਨਾਲ ਸੰਪਰਕ ਸਨ। ਹੁਣ ਉਸ ਖਿਲਾਫ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ।
ਪਹਿਲਾਂ CBI ਅਧਿਕਾਰੀ ਬਣ ਕੇ ਕੀਤੀ ਠੱਗੀ
ਪੁਲਿਸ ਮੁਤਾਬਕ, ਜੈ ਕ੍ਰਿਸ਼ਨ ਪਹਿਲਾਂ ਵੀ CBI ਅਧਿਕਾਰੀ ਬਣ ਕੇ ਠੱਗੀ ਕਰ ਚੁੱਕਾ ਹੈ। ਇੱਕ ਔਰਤ ਨਾਲ ਠੱਗੀ ਦੇ ਮਾਮਲੇ ’ਚ ਉਸ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਸੀ। ਇਹ ਨਵਾਂ ਫਰਾਡ ਪਹਿਲਾਂ ਵਾਲੇ ਮੋਹਾਲੀ ਮਾਮਲੇ ਨਾਲੋਂ ਵੱਖਰਾ ਹੈ, ਜਿੱਥੇ ਇੱਕ ਵਿਅਕਤੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦਾ PA ਬਣ ਕੇ ਪੰਜਾਬ ਪੁਲਿਸ ’ਚ ਨੌਕਰੀ ਦੇਣ ਦੇ ਨਾਂ ’ਤੇ ਠੱਗੀ ਕੀਤੀ ਸੀ। ਪਟਿਆਲਾ ਪੁਲਿਸ ਦਾ ਮੰਨਣਾ ਹੈ ਕਿ ਇਹ ਵੱਡਾ ਸਾਈਬਰ ਗਿਰੋਹ ਹੈ ਅਤੇ ਜਾਂਚ ਜਾਰੀ ਹੈ।