ਪਤੀ ਦੀ ਜ਼ਮਾਨਤ ਕਰਵਾਉਣ ਤੇ ਘਰ ਚਲਾਉਣ ਲਈ ਚਿੱਟਾ ਵੇਚਣ ਦੇ ਰਾਹ ਤੁਰੀ ਖੰਨਾ ਦੀ ਗਰਭਵਤੀ ਔਰਤ

Global Team
2 Min Read

ਲੁਧਿਆਣਾ: ਖੰਨਾ ’ਚ ਨਸ਼ਾ ਤਸਕਰੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 7 ਮਹੀਨੇ ਦੀ ਗਰਭਵਤੀ ਔਰਤ ਮਾਹੀ ਰਾਜਪੂਤ ਨੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਘਰ ਚਲਾਉਣ ਅਤੇ ਜਣੇਪੇ ਲਈ ਪੈਸੇ ਇਕੱਠੇ ਕਰਨ ਦੇ ਚੱਕਰ ’ਚ ਨਸ਼ੇ ਦਾ ਧੰਦਾ ਸ਼ੁਰੂ ਕਰ ਦਿੱਤਾ। ਖੰਨਾ ਪੁਲਿਸ ਨੇ ਕਾਰਵਾਈ ਕਰਦਿਆਂ ਮਾਹੀ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਨੂੰ 15 ਗ੍ਰਾਮ ਹੈਰੋਇਨ ਸਣੇ ਗ੍ਰਿਫ਼ਤਾਰ ਕੀਤਾ। ਦੋਵਾਂ ਖਿਲਾਫ਼ NDPS ਐਕਟ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਹੋ ਗਈ ਹੈ।

ਮਾਹੀ ਰਾਜਪੂਤ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਰਹਿਣ ਵਾਲੀ ਹੈ। ਉਸ ਦਾ ਪਤੀ ਅਰਸ਼ਦੀਪ ਸਿੰਘ ਇੱਕ ਮਹੀਨਾ ਪਹਿਲਾਂ ਡਕੈਤੀ ਦੀ ਸਾਜ਼ਿਸ਼ ਰਚਣ ਦੇ ਦੋਸ਼ ’ਚ ਜੇਲ੍ਹ ਗਿਆ ਸੀ। ਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਮਾਹੀ ਨੇ ਸੁੱਖੇ ਨਾਲ ਮਿਲ ਕੇ ਹੈਰੋਇਨ ਸਪਲਾਈ ਕਰਨੀ ਸ਼ੁਰੂ ਕੀਤੀ। ਪੁਲਿਸ ਮੁਤਾਬਕ, ਮਾਹੀ ਨੂੰ ਪਤੀ ਦੀ ਜ़ਮਾਨਤ ਅਤੇ ਗਰਭਵਸਥਾ ਦੌਰਾਨ ਡਿਲੀਵਰੀ ਲਈ ਪੈਸਿਆਂ ਦੀ ਲੋੜ ਸੀ, ਜਿਸ ਕਾਰਨ ਉਸ ਨੇ ਇਹ ਰਾਹ ਅਪਣਾਇਆ।

ਪੁਲਿਸ ਦੀ ਨਾਕਾਬੰਦੀ ’ਚ ਫਸੇ ਦੋਵੇਂ

ਡੀਐਸਪੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਥਾਣਾ ਸਿਟੀ ਖੰਨਾ ਦੇ ASI ਪ੍ਰਗਟ ਸਿੰਘ ਪੁਲਿਸ ਪਾਰਟੀ ਸਮੇਤ ਮੁੱਖ ਗੇਟ ਨੇੜੇ ਨਾਕਾਬੰਦੀ ’ਤੇ ਸਨ। ਇਸ ਦੌਰਾਨ ਸੁਖਵਿੰਦਰ ਸਿੰਘ ਮੋਟਰਸਾਈਕਲ ’ਤੇ ਮਾਹੀ ਨਾਲ ਆਉਂਦਾ ਦਿਖਿਆ। ਪੁਲਿਸ ਨੂੰ ਵੇਖ ਕੇ ਸੁੱਖੇ ਨੇ ਮੋਟਰਸਾਈਕਲ ਮੋੜਨ ਦੀ ਕੋਸ਼ਿਸ਼ ਕੀਤੀ, ਪਰ ਟ੍ਰੈਫਿਕ ਕਾਰਨ ਰੁਕ ਗਿਆ। ਉਸ ਨੇ ਜੇਬ ’ਚੋਂ ਪਾਰਦਰਸ਼ੀ ਲਿਫਾਫਾ ਕੱਢ ਕੇ ਮਾਹੀ ਨੂੰ ਦਿੱਤਾ, ਜਿਸ ਨੇ ਘਬਰਾਹਟ ’ਚ ਲਿਫਾਫਾ ਸੜਕ ਕਿਨਾਰੇ ਸੁੱਟ ਦਿੱਤਾ। ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਦੋਵਾਂ ਨੂੰ ਕਾਬੂ ਕਰ ਲਿਆ ਅਤੇ ਲਿਫਾਫੇ ’ਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਿਸ ਹੁਣ ਇਸ ਨੈੱਟਵਰਕ ਦੇ ਹੋਰ ਮੈਂਬਰਾਂ ਦਾ ਪਤਾ ਲਗਾ ਰਹੀ ਹੈ।

ਫਿਰੋਜ਼ਪੁਰ ’ਚ ਮਾਂ-ਪੁੱਤ ਦੀ ਗ੍ਰਿਫਤਾਰੀ

ਇਸ ਤੋਂ ਪਹਿਲਾਂ ਫਿਰੋਜ਼ਪੁਰ ਪੁਲਿਸ ਨੇ ਸਰਹੱਦੀ ਪਿੰਡ ਨਿਹਾਲੇ ਵਾਲੇ ਦੀ ਰਹਿਣ ਵਾਲੀ ਚਰਨਜੀਤ ਕੌਰ ਅਤੇ ਉਸ ਦੇ ਪੁੱਤਰ ਬਲਵਿੰਦਰ ਸਿੰਘ ਨੂੰ 1 ਕਿਲੋ 815 ਗ੍ਰਾਮ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਸੀ, ਜਿਸ ਦੀ ਕੀਮਤ 9 ਕਰੋੜ ਰੁਪਏ ਸੀ। ਚਰਨਜੀਤ ਕੌਰ ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਆਪਣੇ ਪੁੱਤਰਾਂ ਰਾਹੀਂ ਸਪਲਾਈ ਕਰਵਾਉਂਦੀ ਸੀ। ਸੀਆਈਏ ਫਿਰੋਜ਼ਪੁਰ ਨੇ ਛਾਪੇਮਾਰੀ ਕਰਕੇ ਇਸ ਨੈੱਟਵਰਕ ਦਾ ਪਰਦਾਫਾਸ਼ ਕੀਤਾ।

Share This Article
Leave a Comment