ਨਿਊਜ਼ ਡੈਸਕ: 1 ਮਈ ਨੂੰ ਇਰਾਨ ਦੀ ਰਾਜਧਾਨੀ ਤਹਿਰਾਨ ‘ਚ ਪੰਜਾਬ ਦੇ 3 ਨੌਜਵਾਨਾਂ ਨੂੰ ਪਾਕਿਸਤਾਨੀ ਗਿਰੋਹ ਵੱਲੋਂ ਬੰਧਕ ਬਣਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਸੀ ਜਸਪਾਲ ਸਿੰਘ, ਜੋ ਨਵਾਂਸ਼ਹਿਰ ਦੇ ਪਿੰਡ ਲੰਗਦਾਓਆ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਹੈ। ਉਹ ਆਪਣੀ ਕਮਾਈ ਦੀ ਭਾਲ ਵਿੱਚ ਆਸਟ੍ਰੇਲੀਆ ਜਾਣ ਦਾ ਸੁਪਨਾ ਲੈ ਕੇ ਨਿੱਕਲਿਆ ਸੀ।
ਉਸ ਨੂੰ ਧੀਰਜ ਅਟਵਾਲ ਨਾਮਕ ਟ੍ਰੈਵਲ ਏਜੰਟ ਨੇ 18 ਲੱਖ ਰੁਪਏ ਲੈ ਕੇ ਪਹਿਲਾਂ ਦੁਬਈ ਅਤੇ ਫਿਰ ਇਰਾਨ ਭੇਜਿਆ। ਪਰ ਇਰਾਨ ਪਹੁੰਚਣ ਉਪਰੰਤ, ਇੱਕ ਹੋਰ ਏਜੰਟ ਦੇ ਸੰਪਰਕ ‘ਚ ਆਉਣ ‘ਤੇ ਉਸ ਨੂੰ ਇਰਾਨੀ ਅਤੇ ਪਾਕਿਸਤਾਨੀ ਲੋਕ ਕਾਰ ਵਿਚ ਬਿਠਾ ਕੇ ਅਣਜਾਣ ਥਾਂ ਲੈ ਗਏ। ਉੱਥੇ ਉਸ ਤੋਂ ਕਰੰਸੀ ਖੋਹ ਲਈ ਗਈ, ਕੁੱਟਮਾਰ ਕੀਤੀ ਗਈ ਅਤੇ ਬੰਧਕ ਬਣਾ ਲਿਆ ਗਿਆ।
”ਪਾਣੀ ਮੰਗਿਆ, ਪਰ ਪਿਸ਼ਾਬ ਦਿੱਤਾ”
ਜਸਪਾਲ ਨੇ ਦੱਸਿਆ ਕਿ ਕਿਡਨੈਪਰਾਂ ਨੇ ਉਨ੍ਹਾਂ ਨੂੰ ਵੱਖ-ਵੱਖ ਕਮਰਿਆਂ ਵਿੱਚ ਰੱਖ ਕੇ ਬੇਹੱਦ ਤਸ਼ੱਦਦ ਕੀਤਾ। ਪਾਣੀ ਮੰਗਣ ‘ਤੇ ਉਨ੍ਹਾਂ ਨੂੰ ਪਿਸ਼ਾਬ ਪਿਲਾਇਆ ਗਿਆ। ਤਿੰਨੇ ਨੌਜਵਾਨ ਲਗਭਗ ਇੱਕ ਮਹੀਨੇ ਤੱਕ ਬੰਧਕ ਰਹੇ। ਉਨ੍ਹਾਂ ਦੇ ਪਾਸਪੋਰਟ ਵੀ ਫਾੜ ਦਿੱਤੇ ਗਏ।
ਮੀਡੀਆ ਦੇ ਦਖਲ ਅਤੇ ਸਰਕਾਰ ਦੀ ਕਾਰਵਾਈ
ਖ਼ਬਰਾਂ ਮੀਡੀਆ ਵਿੱਚ ਆਉਣ ‘ਤੇ ਭਾਰਤੀ ਦੂਤਾਵਾਸ, ਇਰਾਨ ਦੀ ਪੁਲਿਸ ਅਤੇ ਸੀ.ਆਈ.ਡੀ. ਨੇ ਕਾਰਵਾਈ ਕਰਕੇ ਉਨ੍ਹਾਂ ਨੂੰ ਛੁਡਾਇਆ। ਹੁਣ ਜਸਪਾਲ ਆਪਣੇ ਪਰਿਵਾਰ ਕੋਲ ਸੁਰੱਖਿਅਤ ਹੈ ਪਰ ਉਸ ਦੀ ਸਿਹਤ ਹਾਲੇ ਵੀ ਨਾਜ਼ੁਕ ਹੈ।
ਜਸਪਾਲ ਦੇ ਪਰਿਵਾਰ ਨੇ ਭਾਰਤ ਸਰਕਾਰ ਅਤੇ ਮੀਡੀਆ ਦਾ ਧੰਨਵਾਦ ਕੀਤਾ, ਜੋ ਉਨ੍ਹਾਂ ਦੇ ਪੁੱਤਰ ਦੀ ਵਾਪਸੀ ਲੈ ਕੇ ਆਏ।