ਨਵੀਂ ਦਿੱਲੀ: ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਦੇਸ਼ ਦੇ ਕਈ ਰਾਜਾਂ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਅੱਜ ਯਾਨੀ 20 ਜੂਨ ਤੋਂ 25 ਜੂਨ ਤੱਕ ਹਰਿਆਣਾ, ਪੰਜਾਬ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਦੱਖਣ-ਪੱਛਮੀ ਮਾਨਸੂਨ ਦੇ 22 ਜੂਨ ਤੱਕ ਦਿੱਲੀ ਅਤੇ ਹਰਿਆਣਾ, ਪੰਜਾਬ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਉਮੀਦ ਹੈ।
ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅੱਜ ਗੁਜਰਾਤ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮੱਧ ਮਹਾਰਾਸ਼ਟਰ, ਪੂਰਬੀ ਉੱਤਰ ਪ੍ਰਦੇਸ਼, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 21 ਜੂਨ ਨੂੰ ਪੂਰਬੀ ਮੱਧ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਸਮੇਂ ਦੌਰਾਨ, 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।
20-25 ਜੂਨ ਦੌਰਾਨ ਗੁਜਰਾਤ, ਕੋਂਕਣ ਅਤੇ ਗੋਆ, ਮਹਾਰਾਸ਼ਟਰ, ਮਰਾਠਵਾੜਾ ਵਿੱਚ ਮੀਂਹ ਜਾਰੀ ਰਹੇਗਾ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 22-24 ਜੂਨ ਦੌਰਾਨ ਮੀਂਹ ਪਵੇਗਾ। ਅਗਲੇ 7 ਦਿਨਾਂ ਦੌਰਾਨ ਉੱਤਰ-ਪੂਰਬੀ ਭਾਰਤ ਵਿੱਚ ਗਰਜ, ਬਿਜਲੀ ਅਤੇ ਇੱਕ-ਦੋ ਥਾਵਾਂ ‘ਤੇ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ।
ਮੌਸਮ ਵਿਭਾਗ ਨੇ ਕਿਹਾ ਕਿ 20-25 ਜੂਨ ਦੌਰਾਨ ਉੱਤਰਾਖੰਡ, ਉੱਤਰ ਪ੍ਰਦੇਸ਼, ਪੂਰਬੀ ਰਾਜਸਥਾਨ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 22 ਅਤੇ 25 ਜੂਨ ਨੂੰ ਜੰਮੂ-ਕਸ਼ਮੀਰ-ਲਦਾਖ-ਗਿਲਗਿਤ-ਬਾਲਟਿਸਤਾਨ-ਮੁਜ਼ੱਫਰਾਬਾਦ, 21-25 ਜੂਨ ਦੌਰਾਨ ਹਿਮਾਚਲ ਪ੍ਰਦੇਸ਼, ਪੰਜਾਬ, 20-25 ਜੂਨ ਦੌਰਾਨ ਹਰਿਆਣਾ, ਚੰਡੀਗੜ੍ਹ, 20 ਅਤੇ 21 ਜੂਨ ਨੂੰ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋਵੇਗੀ।
ਪਿਛਲੇ 24 ਘੰਟਿਆਂ ਦੌਰਾਨ ਗੁਜਰਾਤ, ਮਹਾਰਾਸ਼ਟਰ ਅਤੇ ਝਾਰਖੰਡ ਵਿੱਚ ਭਾਰੀ ਮੀਂਹ ਕਾਰਨ ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ। ਪੁਣੇ ਵਿੱਚ ਭਾਰੀ ਮੀਂਹ ਕਾਰਨ ਗਣਪਤੀ ਮੰਦਰ ਦੇ ਪਰਿਸਰ ਵਿੱਚ ਪਾਣੀ ਦਾਖਲ ਹੋ ਗਿਆ ਹੈ। ਮੰਦਰ ਦਾ ਇੱਕ ਵੱਡਾ ਹਿੱਸਾ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਹੈ। ਇਸ ਦੇ ਨਾਲ ਹੀ, ਗੁਜਰਾਤ ਦੇ ਵਲਸਾਡ ਵਿੱਚ ਭਾਰੀ ਮੀਂਹ ਤੋਂ ਬਾਅਦ ਵਾਘਲਧਾਰਾ ਨੇੜੇ ਇੱਕ ਵੈਨ ਖਰੇਰਾ ਨਦੀ ਵਿੱਚ ਵਹਿ ਗਈ। ਰਾਹਤ ਅਤੇ ਬਚਾਅ ਲਈ ਐਨਡੀਆਰਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।