ਅਹਿਮਦਾਬਾਦ: ਅਹਿਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਵਿੱਚ ਹੁਣ ਤੱਕ 275 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਡੀਐਨਏ ਦੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ। ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਡੀਐਨਏ ਮੈਚ ਹੋ ਗਿਆ ਹੈ। ਉਨ੍ਹਾਂ ਦੀ ਮ੍ਰਿਤਕ ਦੇਹ ਕਿਸੇ ਵੀ ਸਮੇਂ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਰਾਜਕੋਟ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇਗਾ।
ਵਿਜੇ ਰੂਪਾਨੀ ਉਸੇ ਏਅਰ ਇੰਡੀਆ ਦੀ ਉਡਾਣ ਵਿਚ ਸਨ ਜੋ ਲੰਡਨ ਲਈ ਰਵਾਨਾ ਹੋਣ ਤੋਂ ਕੁੱਝ ਮਿੰਟਾਂ ਬਾਅਦ ਅਹਿਮਦਾਬਾਦ ਵਿਚ ਹਾਦਸਾਗ੍ਰਸਤ ਹੋ ਗਈ ਸੀ। ਜਹਾਜ਼ ਵਿਚ 242 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 241 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਹਾਦਸੇ ਵਿਚ ਸਿਰਫ਼ ਇਕ ਵਿਅਕਤੀ ਬਚਿਆ ਹੈ। ਇਸ ਦੁਖਦਾਈ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿਤਾ ਹੈ। ਹੁਣ ਤੱਕ 31 ਲੋਕਾਂ ਦੇ ਡੀਐਨਏ ਦਾ ਮੇਲ ਹੋ ਚੁੱਕਾ ਹੈ ਅਤੇ ਉਨ੍ਹਾਂ ਦੀਆਂ 12 ਲਾਸ਼ਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। ਲਾਸ਼ਾਂ ਨੂੰ ਰੱਖਣ ਲਈ 170 ਤਾਬੂਤ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ।
ਹਸਪਤਾਲ ਦੇ ਸੁਪਰਡੈਂਟ ਡਾ. ਰਾਕੇਸ਼ ਜੋਸ਼ੀ ਨੇ ਕਿਹਾ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਰਿਸ਼ਤੇਦਾਰਾਂ ਨੂੰ ਸੌਂਪਣ ਦੀ ਪ੍ਰਕਿਰਿਆ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਸੂਬਾ ਸਰਕਾਰ ਪੀੜਤ ਪਰਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੀ ਹੈ। ਰਾਕੇਸ਼ ਜੋਸ਼ੀ ਨੇ ਕਿਹਾ ਕਿ ਹਾਦਸੇ ਦੀ ਖ਼ਬਰ ਮਿਲਦੇ ਹੀ ਹਸਪਤਾਲ ਵਿਚ 250 ਤੋਂ ਵੱਧ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਅਤੇ ਵਲੰਟੀਅਰਾਂ ਦੀ ਟੀਮ ਨੇ ਤੁਰਤ ਰਾਹਤ ਅਤੇ ਇਲਾਜ ਦਾ ਕੰਮ ਸੰਭਾਲ ਲਿਆ, ਜਿਸ ਨਾਲ ਕਈ ਜਾਨਾਂ ਬਚ ਗਈਆਂ। ਜ਼ਖ਼ਮੀਆਂ ਦਾ ਸਮੇਂ ਸਿਰ ਇਲਾਜ ਯਕੀਨੀ ਬਣਾਇਆ ਗਿਆ ਅਤੇ ਮ੍ਰਿਤਕਾਂ ਦੀ ਪਛਾਣ ਕਰਨ ਲਈ ਫ਼ੋਰੈਂਸਿਕ ਮਾਹਿਰਾਂ ਦੀ ਮਦਦ ਨਾਲ ਡੀਐਨਏ ਨਮੂਨਿਆਂ ਨੂੰ ਮਿਲਾਨ ਦਾ ਕੰਮ ਕੀਤਾ ਜਾ ਰਿਹਾ ਹੈ।