ਟੈਕਸਾਸ: ਅਮਰੀਕਾ ਦੇ ਟੈਕਸਾਸ ਵਿੱਚ ਇੱਕ ਭਾਰਤੀ ਮੂਲ ਦੇ ਕਾਰੋਬਾਰੀ ਦਾ ਸ਼ਰੇਆਮ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਆਸਟਿਨ ਪੁਲਿਸ ਨੇ ਮ੍ਰਿਤਕ ਦੀ ਪਛਾਣ ਅਕਸ਼ੈ ਗੁਪਤਾ ਵਜੋਂ ਕੀਤੀ ਹੈ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਅਕਸ਼ੈ ਗੁਪਤਾ ਇੱਕ ਬੱਸ ਵਿੱਚ ਪਿੱਛੇ ਵਾਲੀ ਸੀਟ ‘ਤੇ ਬੈਠੇ ਸਨ, ਜਦੋਂ 31 ਸਾਲ ਦੇ ਦੀਪਕ ਕੰਡੇਲ ਨੇ ਬਿਨਾਂ ਕਿਸੇ ਉਕਸਾਵੇ ਦੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। 14 ਮਈ ਦੀ ਸ਼ਾਮ ਨੂੰ ਪੁਲਿਸ ਅਤੇ ਐਮਰਜੈਂਸੀ ਮੈਡੀਕਲ ਸਰਵਿਸਿਜ਼ ਨੂੰ ਬੱਸ ਵਿੱਚ ਚਾਕੂਬਾਜ਼ੀ ਦੀ ਘਟਨਾ ਦੀ ਸੂਚਨਾ ਮਿਲੀ ਸੀ। ਮੌਕੇ ‘ਤੇ ਪਹੁੰਚਣ ‘ਤੇ ਪੁਲਿਸ ਨੇ ਵੇਖਿਆ ਕਿ ਅਕਸ਼ੈ ਗੁਪਤਾ ਦੇ ਸਰੀਰ ‘ਤੇ ਗੰਭੀਰ ਜ਼ਖਮ ਸਨ।
KXAN ਨੈੱਟਵਰਕ ਦੀ ਰਿਪੋਰਟ ਮੁਤਾਬਕ, ਕੰਡੇਲ ਨੇ ਬਿਨਾਂ ਕਿਸੇ ਕਾਰਨ ਦੇ ਗੁਪਤਾ ਦੀ ਗਰਦਨ ‘ਤੇ ਚਾਕੂ ਨਾਲ ਹਮਲਾ ਕੀਤਾ ਸੀ। ਘਟਨਾ ਤੋਂ ਬਾਅਦ ਐਮਰਜੈਂਸੀ ਰੈਸਪੌਂਡਰਜ਼ ਨੇ ਗੁਪਤਾ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸ਼ਾਮ 7:30 ਵਜੇ ਉਸ ਨੂੰ ਮ੍ਰਿਤ ਅਲਾਨ ਦਿੱਤਾ ।
ਪੁਲਿਸ ਨੇ ਬੱਸ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਕੰਡੇਲ ਦੀ ਪਛਾਣ ਕੀਤੀ। ਫੁਟੇਜ ਵਿੱਚ ਦਿਖਾਈ ਦਿੱਤਾ ਕਿ ਕੰਡੇਲ ਬੱਸ ਦੇ ਰੁਕਣ ਤੋਂ ਬਾਅਦ ਹੋਰ ਯਾਤਰੀਆਂ ਨਾਲ ਸ਼ਾਂਤੀ ਨਾਲ ਬੱਸ ਤੋਂ ਉਤਰਿਆ ਅਤੇ ਪੈਦਲ ਹੀ ਘਟਨਾਸਥਾਨ ਤੋਂ ਚਲਾ ਗਿਆ। ਹਾਲਾਂਕਿ, ਆਸਟਿਨ ਪੁਲਿਸ ਵਿਭਾਗ (ਏਪੀਡੀ) ਦੇ ਗਸ਼ਤੀ ਅਧਿਕਾਰੀਆਂ ਨੇ ਥੋੜ੍ਹੇ ਸਮੇਂ ਬਾਅਦ ਉਸ ਨੂੰ ਲੱਭ ਕੇ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਮੁਤਾਬਕ, ਕੰਡੇਲ ਨੂੰ ਬੱਸ ਦੇ ਰੁਕਣ ਵਾਲੀ ਥਾਂ ਤੋਂ ਇੱਕ ਮੀਲ ਤੋਂ ਵੀ ਘੱਟ ਦੂਰੀ ‘ਤੇ ਫੜਿਆ ਗਿਆ। ਉਸ ਨੇ ਕਥਿਤ ਤੌਰ ‘ਤੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਗੁਪਤਾ ‘ਤੇ ਹਮਲਾ ਇਸ ਲਈ ਕੀਤਾ ਕਿਉਂਕਿ ਉਹ ਉਸ ਦੇ ਚਾਚੇ ਵਰਗਾ ਲੱਗਦਾ ਸੀ। ਕੰਡੇਲ ਨੂੰ ਟ੍ਰੈਵਿਸ ਕਾਉਂਟੀ ਜੇਲ੍ਹ ਵਿੱਚ ਰੱਖਿਆ ਗਿਆ ਹੈ ਅਤੇ ਉਸ ‘ਤੇ ਪਹਿਲੀ ਸ਼੍ਰੇਣੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ। KXAN ਦੀ ਰਿਪੋਰਟ ਮੁਤਾਬਕ, ਕੰਡੇਲ ਨੂੰ ਪਹਿਲਾਂ ਵੀ ਬਲਾਤਕਾਰ ਦੇ ਦੋਸ਼ਾਂ ਵਿੱਚ ਕਈ ਵਾਰ ਗ੍ਰਿਫਤਾਰ ਅਤੇ ਰਿਹਾ ਕੀਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਹਮਲੇ ਦੇ ਸਮੇਂ ਬੱਸ ਵਿੱਚ ਗੁਪਤਾ ਸਮੇਤ 12 ਹੋਰ ਯਾਤਰੀ ਮੌਜੂਦ ਸਨ। ਅਕਸ਼ੈ ਗੁਪਤਾ ਇੱਕ ਹੈਲਥ ਟੈਕ ਸਟਾਰਟਅਪ ਚਲਾਉਂਦੇ ਸਨ ਅਤੇ ਫੂਟਬਿੱਟ ਦੇ ਸਹਿ-ਸੰਸਥਾਪਕ ਸਨ, ਜੋ ਕਿ ਬਜ਼ੁਰਗ ਨਾਗਰਿਕਾਂ ਲਈ ਕੰਮ ਕਰਨ ਵਾਲੀ ਕੰਪਨੀ ਹੈ।