ਟੋਕੀਓ: ਜਾਪਾਨ ਦੇ ਖੇਤੀਬਾੜੀ ਮੰਤਰੀ ਤਾਕੂ ਇਟੋ (Taku Eto) ਨੂੰ ਬੁੱਧਵਾਰ ਨੂੰ ਚੌਲਾਂ ਸੰਬੰਧੀ ਇੱਕ ਵਿਵਾਦਪੂਰਨ ਬਿਆਨ ਕਾਰਨ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ। ਇਟੋ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਉਸਨੂੰ ਕਦੇ ਵੀ ਚੌਲ ਖਰੀਦਣ ਦੀ ਜ਼ਰੂਰਤ ਨਹੀਂ ਪਈ ਕਿਉਂਕਿ ਉਸਦੇ ਸਮਰਥਕ ਉਸਨੂੰ ਚੌਲ ਤੋਹਫ਼ੇ ਵਿੱਚ ਦਿੰਦੇ ਰਹਿੰਦੇ ਹਨ। ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਜਾਪਾਨ ਵਿੱਚ ਚੌਲਾਂ ਦੀ ਕਮੀ ਅਤੇ ਅਸਮਾਨ ਛੂਹਦੀਆਂ ਕੀਮਤਾਂ ਨੇ ਆਮ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਇਟੋ ਦੇ ਬਿਆਨ ਨੂੰ ਲੈ ਕੇ ਜਨਤਾ ਵਿੱਚ ਭਾਰੀ ਗੁੱਸਾ ਸੀ, ਜਿਸ ਤੋਂ ਬਾਅਦ ਉਨ੍ਹਾਂ ‘ਤੇ ਅਸਤੀਫਾ ਦੇਣ ਦਾ ਦਬਾਅ ਵਧ ਗਿਆ ਸੀ।
ਇਟੋ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੂੰ ਆਪਣਾ ਅਸਤੀਫਾ ਸੌਂਪਿਆ, ਜਿਸਨੂੰ ਸਵੀਕਾਰ ਕਰ ਲਿਆ ਗਿਆ ਹੈ। ਏਤੋ ਨੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਆਪਣਾ ਅਸਤੀਫਾ ਸੌਂਪਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਇੱਕ ਬਹੁਤ ਹੀ ਅਣਉਚਿਤ ਟਿੱਪਣੀ ਅਜਿਹੇ ਸਮੇਂ ਕੀਤੀ ਹੈ ਜਦੋਂ ਖਪਤਕਾਰ ਚੌਲਾਂ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ। ਮੈਨੂੰ ਲੱਗਾ ਕਿ ਸਰਕਾਰ ਨੂੰ ਚੌਲਾਂ ਦੀਆਂ ਕੀਮਤਾਂ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਦੀ ਲੋੜ ਹੈ ਅਤੇ ਇਸ ਲਈ ਮੇਰੇ ਲਈ ਮੁਖੀ ਵਜੋਂ ਬਣੇ ਰਹਿਣਾ ਉਚਿਤ ਨਹੀਂ ਸੀ। ਇਟੋ ਨੇ ਲੋਕਾਂ ਤੋਂ ਮੁਆਫੀ ਮੰਗੀ ਅਤੇ ਆਪਣਾ ਬਿਆਨ ਵਾਪਿਸ ਲਿਆ ਹੈ। ਉਸਨੇ ਇਹ ਵੀ ਕਿਹਾ ਕਿ ਉਹ ਖੁਦ ਚੌਲ ਖਰੀਦਦਾ ਹੈ ਅਤੇ ਤੋਹਫ਼ੇ ਵਜੋਂ ਪ੍ਰਾਪਤ ਚੌਲਾਂ ‘ਤੇ ਨਿਰਭਰ ਨਹੀਂ ਹੈ।
ਰਿਪੋਰਟਾਂ ਦੇ ਅਨੁਸਾਰ, ਇਟੋ ਦੀ ਥਾਂ ਪ੍ਰਸਿੱਧ ਸਾਬਕਾ ਵਾਤਾਵਰਣ ਮੰਤਰੀ ਸ਼ਿੰਜੀਰੋ ਕੋਇਜ਼ੁਮੀ ਲੈਣਗੇ। ਇਹ ਘਟਨਾ ਇਸ਼ੀਬਾ ਦੀ ਘੱਟ ਗਿਣਤੀ ਸਰਕਾਰ ਲਈ ਇੱਕ ਹੋਰ ਝਟਕਾ ਸਾਬਿਤ ਹੋ ਸਕਦੀ ਹੈ, ਜੋ ਪਹਿਲਾਂ ਹੀ ਜਨਤਕ ਸਮਰਥਨ ਗੁਆ ਰਹੀ ਹੈ। ਵਿਰੋਧੀ ਪਾਰਟੀਆਂ ਨੇ ਧਮਕੀ ਦਿੱਤੀ ਸੀ ਕਿ ਜੇਕਰ ਇਟੋ ਬੁੱਧਵਾਰ ਦੁਪਹਿਰ ਤੱਕ ਸਵੈ-ਇੱਛਾ ਨਾਲ ਅਸਤੀਫਾ ਨਹੀਂ ਦਿੰਦੇ ਤਾਂ ਉਨ੍ਹਾਂ ਵਿਰੁੱਧ ਅਵਿਸ਼ਵਾਸ ਪ੍ਰਸਤਾਵ ਲਿਆਂਦਾ ਜਾਵੇਗਾ। ਦੱਸ ਦੇਈਏ ਕਿ ਚੌਲ ਜਾਪਾਨ ਦੇ ਸੱਭਿਆਚਾਰ, ਅਰਥਵਿਵਸਥਾ ਅਤੇ ਪਕਵਾਨਾਂ ਦਾ ਇੱਕ ਅਨਿੱਖੜਵਾਂ ਅੰਗ ਹੈ।