ਨਵੀਂ ਦਿੱਲੀ: ਵਿਦੇਸ਼ ਮੰਤਰਾਲੇ ਨੇ ਆਪ੍ਰੇਸ਼ਨ ਸੰਧੂਰ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤੀ ਫ਼ੌਜ ਪਾਕਿਸਤਾਨ ਨੂੰ ਮੁੰਹਤੋੜ ਜਵਾਬ ਦੇ ਰਹੀ ਹੈ। ਕਰਨਲ ਸੋਫੀਆ ਕੁਰੇਸ਼ੀ ਨੇ ਦੱਸਿਆ ਕਿ ਪਾਕਿਸਤਾਨ ਨੇ ਭਾਰਤੀ ਫ਼ੌਜੀ ਢਾਂਚੇ ਨੂੰ ਨਿਸ਼ਾਨਾ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਪਾਕਿ ਵੱਡੇ ਹਥਿਆਰਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਪੱਛਮੀ ਮੋਰਚੇ ’ਤੇ ਹਮਲਾ ਕੀਤਾ ਗਿਆ, ਜਿਸਦਾ ਅਸੀਂ ਤੁਰੰਤ ਅਤੇ ਸੰਤੁਲਿਤ ਜਵਾਬ ਦਿੱਤਾ। ਉਨ੍ਹਾਂ ਦੱਸਿਆ ਕਿ ਪਾਕਿ ਨੇ ਲੜਾਕੂ ਜਹਾਜ਼ਾਂ ਰਾਹੀਂ ਹਮਲਾ ਕੀਤਾ ਸੀ, ਜਿਸਦੇ ਜਵਾਬ ਵਿਚ ਭਾਰਤ ਨੇ ਪਾਕਿ ਦੇ 4 ਏਅਰਬੇਸਾਂ ’ਤੇ ਹਮਲਾ ਕੀਤਾ।
ਕਰਨਲ ਸੋਫੀਆ ਨੇ ਇਸ ਗੱਲ ਨੂੰ ਵੀ ਜ਼ੋਰ ਦੇ ਕੇ ਕਿਹਾ ਕਿ ਭਾਰਤ ਕਿਸੇ ਵੀ ਤਰ੍ਹਾਂ ਦਾ ਤਣਾਅ ਨਹੀਂ ਵਧਾਉਣਾ ਚਾਹੁੰਦਾ। ਉਨ੍ਹਾਂ ਅੱਗੇ ਦੱਸਿਆ ਕਿ ਪਾਕਿਸਤਾਨ ਨੇ 26 ਤੋਂ ਵੱਧ ਥਾਵਾਂ ’ਤੇ ਹਵਾਈ ਹਮਲਿਆਂ ਰਾਹੀਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਊਧਮਪੁਰ, ਭੁਜ, ਪਠਾਨਕੋਟ ਅਤੇ ਬਠਿੰਡਾ ਵਿਖੇ ਹਵਾਈ ਅੱਡਿਆਂ ’ਤੇ ਸਾਡੇ ਉਪਕਰਣਾਂ ਅਤੇ ਕਰਮਚਾਰੀਆਂ ਨੂੰ ਨੁਕਸਾਨ ਪਹੁੰਚਾਇਆ ਹੈ।
ਇਸ ਤੋਂ ਇਲਾਵਾ, ਉਨ੍ਹਾਂ ਦੱਸਿਆ ਕਿ ਪਾਕਿ ਨੇ ਪੰਜਾਬ ਦੇ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਉਣ ਲਈ ਸਵੇਰੇ 1.40 ਵਜੇ ਤੇਜ਼ ਰਫ਼ਤਾਰ ਮਿਜ਼ਾਇਲਾਂ ਦੀ ਵਰਤੋਂ ਕੀਤੀ ਅਤੇ ਸਿਹਤ ਸਹੂਲਤਾਂ ਅਤੇ ਸਕੂਲਾਂ ’ਤੇ ਵੀ ਹਮਲਾ ਕੀਤਾ।
ਪਾਕਿਸਤਾਨ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ। ਹਮਲੇ ਲਈ ਪਾਕਿਸਤਾਨ ਵੱਲੋਂ ਹਾਈ-ਸਪੀਡ ਮਿਸਾਈਲ ਦੀ ਵਰਤੋਂ ਕੀਤੀ ਗਈ ਹੈ। ਉਹ ਲਗਾਤਾਰ ਭਾਰਤ ਨੂੰ ਉਕਸਾਉਣ ਵਾਲੀਆਂ ਹਰਕਤਾਂ ਕਰ ਰਿਹਾ ਹੈ। ਕਰਨਲ ਸੋਫ਼ੀਆ ਕੁਰੈਸ਼ੀ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਆਪਣੇ ਆਪ ਨੂੰ ਬਚਾਉਣ ਲਈ ਆਪਣੇ ਨਾਗਰਿਕਾਂ ਨੂੰ ਢਾਲ ਵਜੋਂ ਵਰਤ ਰਹੀ ਹੈ। ਪਾਕਿਸਤਾਨ ਲਗਾਤਾਰ ਡਰੋਨ ਦੀ ਵਰਤੋਂ ਕਰਕੇ ਸਰਹੱਦੀ ਇਲਾਕਿਆਂ ‘ਤੇ ਹਮਲੇ ਕਰ ਰਿਹਾ ਹੈ। ਹਾਲਾਂਕਿ, ਭਾਰਤੀ ਫੌਜ ਨੇ ਪਾਕਿਸਤਾਨ ਦੀ ਹਰ ਕੋਸ਼ਿਸ਼ ਨੂੰ ਨਾਕਾਮ ਬਣਾਉਣ ‘ਚ ਸਫਲਤਾ ਹਾਸਲ ਕੀਤੀ ਹੈ।