ਨਵੀਂ ਦਿੱਲੀ: ਪੰਜਾਬ ਦੇ ਸਾਬਕਾ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਨਹੀਂ ਮਿਲੀ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪਾਸਪੋਰਟ ਜ਼ਬਤ ਕਰ ਲਿਆ, ਇਹ ਦੱਸਦੇ ਹੋਏ ਕਿ ਉਨ੍ਹਾਂ ਦੇ ਪਾਸਪੋਰਟ ਦੀ ਦੁਰਵਰਤੋਂ ਹੋਈ ਹੈ। ਛੋਟੇਪੁਰ ਆਪਣੀ ਪੋਤਰੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਲਾਸ ਏਂਜਲਸ ਜਾ ਰਹੇ ਸਨ।
ਜਦੋਂ ਛੋਟੇਪੁਰ 28-29 ਅਪਰੈਲ ਦੀ ਰਾਤ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇ, ਉਥੇ ਉਨ੍ਹਾਂ ਨੂੰ ਇਮੀਗ੍ਰੇਸ਼ਨ ਨੇ ਰੋਕ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਹਾਲਾਂਕਿ ਉਨ੍ਹਾਂ ਕੋਲ ਟੂਰਿਸਟ ਵੀਜ਼ਾ ਸੀ ਅਤੇ ਸਾਰੇ ਦਸਤਾਵੇਜ਼ ਠੀਕ ਸਨ, ਫਿਰ ਵੀ ਉਨ੍ਹਾਂ ਨੂੰ ਯਾਤਰਾ ਦੀ ਇਜਾਜ਼ਤ ਨਹੀਂ ਮਿਲੀ। ਛੋਟੇਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਸਮਝ ਨਹੀਂ ਆਇਆ ਕਿ ਆਖ਼ਰ ਉਨ੍ਹਾਂ ਨੂੰ ਕਿਸ ਆਧਾਰ ‘ਤੇ ਰੋਕਿਆ ਗਿਆ।
ਇਮੀਗ੍ਰੇਸ਼ਨ ਵੱਲੋਂ ਇਹ ਦੱਸਿਆ ਗਿਆ ਕਿ ਉਨ੍ਹਾਂ ਦੇ ਪਾਸਪੋਰਟ ਦੀ ਦੁਰਵਰਤੋਂ ਹੋਈ ਹੋ ਸਕਦੀ ਹੈ, ਜਦਕਿ ਛੋਟੇਪੁਰ ਨੇ ਕਿਹਾ ਕਿ ਨਾ ਤਾਂ ਉਨ੍ਹਾਂ ਨੇ ਪਾਸਪੋਰਟ ਕਿਸੇ ਨੂੰ ਦਿੱਤਾ ਅਤੇ ਨਾ ਹੀ ਉਹ ਕਦੇ ਗੁੰਮ ਹੋਇਆ। ਅਧਿਕਾਰੀਆਂ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਦਾ ਪਾਸਪੋਰਟ 10-15 ਦਿਨਾਂ ਵਿੱਚ ਜਲੰਧਰ ਪਾਸਪੋਰਟ ਦਫ਼ਤਰ ‘ਤੇ ਭੇਜ ਦਿੱਤਾ ਜਾਵੇਗਾ। ਛੋਟੇਪੁਰ ਨੇ ਅਧਿਕਾਰੀਆਂ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਲਾਭ ਨਹੀਂ ਹੋਇਆ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ 2019 ਵਿੱਚ ਉਨ੍ਹਾਂ ਨੇ ਜਲੰਧਰ ਪਾਸਪੋਰਟ ਦਫ਼ਤਰ ਤੋਂ ਪਾਸਪੋਰਟ ਰੀਨਿਊ ਕਰਵਾਇਆ ਸੀ ਅਤੇ ਕੋਵਿਡ ਤੋਂ ਪਹਿਲਾਂ ਕਈ ਵਿਦੇਸ਼ ਯਾਤਰਾਵਾਂ ਕਰ ਚੁੱਕੇ ਹਨ। ਉਹਨਾਂ ਨੇ ਆਪਣੇ ਪਾਸਪੋਰਟ ਦੀ ਸਾਰੀ ਜਾਣਕਾਰੀ ਸਹੀ ਦੱਸੀ ਹੈ।
ਯਾਦ ਰਹੇ ਕਿ ਛੋਟੇਪੁਰ ਨੇ 2014 ਦੀਆਂ ਚੋਣਾਂ ਵਿੱਚ ਗੁਰਦਾਸਪੁਰ ਤੋਂ ਚੋਣ ਲੜੀ ਸੀ ਜਿੱਥੇ ਉਹ ਵਿਨੋਦ ਖੰਨਾ ਅਤੇ ਪ੍ਰਤਾਪ ਬਾਜਵਾ ਤੋਂ ਬਾਅਦ ਤੀਜੇ ਸਥਾਨ ‘ਤੇ ਰਹੇ ਸਨ, ਉਨ੍ਹਾਂ ਨੂੰ 1.80 ਲੱਖ ਵੋਟਾਂ ਮਿਲੀਆਂ ਸਨ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।