ਟੋਰਾਂਟੋ: ਕੈਨੇਡਾ ਦੇ ਲੋਕ ਸੋਮਵਾਰ, 28 ਅਪ੍ਰੈਲ ਨੂੰ ਨਵੀਂ ਸਰਕਾਰ ਚੁਣਨ ਲਈ ਵੋਟ ਪਾਉਣ ਜਾ ਰਹੇ ਹਨ। ਇੱਕ ਪਾਸੇ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਹੈ, ਜਦਕਿ ਕੰਜ਼ਰਵੇਟਿਵ ਪਾਰਟੀ ਦੀ ਕਮਾਨ ਪੀਅਰੇ ਪੋਇਲੀਵਰ ਸੰਭਾਲ ਰਹੇ ਹਨ। ਉਮੀਦਵਾਰਾਂ ਨੇ ਐਤਵਾਰ ਨੂੰ ਜਨਤਾ ਤੋਂ ਆਖਰੀ ਵੋਟਾਂ ਮੰਗਦਿਆਂ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਜ਼ੋਰ ਦਿੱਤਾ, ਪਰ ਵੈਨਕੂਵਰ ਵਿੱਚ ਹੋਏ ਇੱਕ ਘਾਤਕ ਕਾਰ ਹਮਲੇ ਨੇ ਚੋਣ ਮੁਹਿੰਮ ਦੇ ਆਖਰੀ ਪਲਾਂ ਵਿੱਚ ਹਲਚਲ ਮਚਾ ਦਿੱਤੀ।
ਇਸ ਘਟਨਾ ਨੇ ਲੋਕਾਂ ਦੀ ਧਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਪਾਰਕ ਧਮਕੀਆਂ ਅਤੇ ਕੈਨੇਡਾ ‘ਤੇ ਦਬਾਅ ਬਣਾਉਣ ਵਾਲੀਆਂ ਨੀਤੀਆਂ ਤੋਂ ਹਟਾ ਦਿੱਤਾ, ਜਿਸ ਕਾਰਨ ਕਈ ਕੈਨੇਡੀਅਨ ਨਾਰਾਜ਼ ਹਨ।
ਇਹ ਚੋਣ ਖਾਸ ਇਸ ਕਰਕੇ ਵੀ ਹੈ ਕਿ ਪਿਛਲੇ ਦਹਾਕੇ ਦੌਰਾਨ ਇਹ ਪਹਿਲੀ ਵਾਰੀ ਹੋ ਰਿਹਾ ਹੈ ਜਦੋਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਚੋਣੀ ਦੌੜ ਦਾ ਹਿੱਸਾ ਨਹੀਂ ਹਨ। ਮੁਕਾਬਲਾ ਮੁੱਖ ਤੌਰ ‘ਤੇ ਦੋ ਵੱਡੀਆਂ ਪਾਰਟੀਆਂ – ਲਿਬਰਲ ਅਤੇ ਕੰਜ਼ਰਵੇਟਿਵ ਵਿਚਕਾਰ ਹੈ।
ਮਾਰਕ ਕਾਰਨੀ (ਲਿਬਰਲ ਪਾਰਟੀ)
60 ਸਾਲਾ ਮਾਰਕ ਕਾਰਨੀ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਮਾਰਚ ਵਿੱਚ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ ਸੀ ਜਦਕਿ ਉਨ੍ਹਾਂ ਨੇ ਜਸਟਿਨ ਟਰੂਡੋ ਦੀ ਥਾਂ ਲਈ। ਹਾਲਾਂਕਿ ਕਾਰਨੀ ਰਾਜਨੀਤੀ ਵਿੱਚ ਨਵੇਂ ਹਨ, ਉਹ ਪਹਿਲਾਂ ਕੈਨੇਡਾ ਅਤੇ ਇੰਗਲੈਂਡ ਦੋਵਾਂ ਦੇ ਕੇਂਦਰੀ ਬੈਂਕਾਂ ਦੇ ਗਵਰਨਰ ਰਹਿ ਚੁੱਕੇ ਹਨ। ਉਨ੍ਹਾਂ ਦੀ ਅਰਥਸ਼ਾਸਤਰੀ ਪਿਛੋਕੜ ਉਨ੍ਹਾਂ ਨੂੰ ਇੱਕ ਮਜ਼ਬੂਤ ਉਮੀਦਵਾਰ ਬਣਾਉਂਦੀ ਹੈ। ਕਾਰਨੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨੀਤੀਆਂ ਦੇ ਵਿਰੁੱਧ ਸਖ਼ਤ ਮੋਕਾ ਵੀ ਅਖਤਿਆਰ ਕੀਤਾ ਹੈ।
ਪੀਅਰੇ ਪੋਇਲੀਵਰ (ਕੰਜ਼ਰਵੇਟਿਵ ਪਾਰਟੀ)
45 ਸਾਲਾ ਪੀਅਰੇ ਪੋਇਲੀਵਰ ਲੰਬੇ ਸਮੇਂ ਤੋਂ ਕੈਨੇਡੀਅਨ ਰਾਜਨੀਤੀ ਵਿੱਚ ਸਰਗਰਮ ਹਨ। ਉਹ ਲਗਭਗ ਦੋ ਦਹਾਕਿਆਂ ਤੋਂ ਸੰਸਦ ਮੈਂਬਰ ਹਨ। ਪੋਇਲੀਵਰ ਨੂੰ ਜਵਾਨ ਅਤੇ ਅਗਰੈਸਿਵ ਰਾਜਨੀਤਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀ ਰਾਜਨੀਤਿਕ ਸ਼ੈਲੀ ਨੂੰ ਕਈ ਵਾਰ ਟਰੰਪ ਨਾਲ ਤੁਲਨਾ ਕੀਤੀ ਜਾਂਦੀ ਹੈ।
ਹੋਰ ਪਾਰਟੀਆਂ:
ਕੰਜ਼ਰਵੇਟਿਵ ਅਤੇ ਲਿਬਰਲ ਪਾਰਟੀਆਂ ਦੇ ਇਲਾਵਾ, ਬਲਾਕ ਕਿਊਬੇਕੋਇਸ ਅਤੇ ਨਿਊ ਡੈਮੋਕ੍ਰੇਟਿਕ ਪਾਰਟੀ (NDP) ਵੀ ਚੋਣ ਮੈਦਾਨ ਵਿੱਚ ਹਨ। ਹਾਲਾਂਕਿ ਇਹ ਦੋਵੇਂ ਪਾਰਟੀਆਂ ਸਰਕਾਰ ਬਣਾਉਣ ਦੀ ਦੌੜ ਵਿੱਚ ਨਹੀਂ ਹਨ।
ਬਲਾਕ ਕਿਊਬੇਕੋਇਸ: ਇਹ ਇੱਕ ਕਿਊਬੇਕ-ਅਧਾਰਤ ਰਾਸ਼ਟਰਵਾਦੀ ਪਾਰਟੀ ਹੈ, ਜਿਸਦੇ ਨੇਤਾ ਯਵੇਸ-ਫ੍ਰਾਂਸੋਆ ਬਲੈਂਚੇਟ ਹਨ।
ਨਿਊ ਡੈਮੋਕ੍ਰੇਟਿਕ ਪਾਰਟੀ (NDP): 46 ਸਾਲਾ ਜਗਮੀਤ ਸਿੰਘ ਇਸ ਪਾਰਟੀ ਦੇ ਨੇਤਾ ਹਨ, ਜੋ ਖੱਬੇ ਪੱਖੀ ਨੀਤੀਆਂ ‘ਤੇ ਧਿਆਨ ਕੇਂਦਰਤ ਕਰਦੀ ਹੈ ਅਤੇ ਲੇਬਰ ਹੱਕਾਂ ਦੀ ਵਕਾਲਤ ਕਰਦੀ ਹੈ।
ਕੈਨੇਡਾ ਚੋਣਾਂ ਦੇ ਨਤੀਜੇ ਭਾਰਤ ਲਈ ਕਿਉਂ ਮਹੱਤਵਪੂਰਨ?
ਕੈਨੇਡਾ ‘ਚ ਵਧ ਰਿਹਾ ਭਾਰਤੀ ਭਾਈਚਾਰਾ ਅਤੇ ਦੋਹਾਂ ਦੇ ਰਾਜਨੀਤਕ ਅਤੇ ਆਰਥਿਕ ਸਬੰਧਾਂ ਨੂੰ ਦੇਖਦਿਆਂ, ਇਹ ਚੋਣ ਭਾਰਤ ਲਈ ਵੀ ਮਾਇਨੇ ਰੱਖਦੀ ਹੈ। ਨਵੀਂ ਸਰਕਾਰ ਭਾਰਤ-ਕੈਨੇਡਾ ਸਬੰਧਾਂ ਨੂੰ ਕਿਸ ਦਿਸ਼ਾ ਵਿੱਚ ਲੈ ਜਾਂਦੀ ਹੈ, ਇਹ ਭਵਿੱਖ ਵਿੱਚ ਮਹੱਤਵਪੂਰਨ ਸਾਬਤ ਹੋਵੇਗਾ।