ਅੰਮ੍ਰਿਤਸਰ: ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਪੰਜਾਬ ‘ਚ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਦੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜਿਲਿਆਂ ਵਿੱਚ ਭਾਰਤ-ਪਾਕਿਸਤਾਨ ਸਰਹੱਦ ਹੈ। ਇਨ੍ਹਾਂ ਸਾਰਿਆਂ ਥਾਵਾਂ ‘ਤੇ ਸੀਮਾ ਸੁਰੱਖਿਆ ਬਲ (BSF) ਨੇ ਆਪਣੀਆਂ ਕਿਊਆਰਟੀ (Quick Reaction Teams) ਨੂੰ ਤਿਆਰ ਰਹਿਣ ਦੇ ਹੁਕਮ ਜਾਰੀ ਕੀਤੇ ਹਨ।
ਪਾਕਿਸਤਾਨ ਸਰਹੱਦ ਉੱਤੇ ਕੰਢੀਲੀ ਤਾਰਾਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਨੂੰ BSF ਵੱਲੋਂ ਆਪਣੀ ਫ਼ਸਲ ਤੁਰੰਤ ਕੱਟਣ ਲਈ ਕਿਹਾ ਗਿਆ ਹੈ। ਇਸ ਲਈ ਅਟਾਰੀ ਸਰਹੱਦ ਦੇ ਨੇੜਲੇ ਪਿੰਡਾਂ ਦੇ ਗੁਰਦੁਆਰਿਆਂ ਰਾਹੀਂ ਐਲਾਨ ਕਰਵਾਏ ਜਾ ਰਹੇ ਹਨ ਕਿ ਕਿਸਾਨ ਦੋ ਦਿਨਾਂ ਅੰਦਰ ਆਪਣੀ ਫ਼ਸਲ ਕੱਟ ਲੈਣ। ਇਸ ਤੋਂ ਬਾਅਦ ਸਰਹੱਦ ਦੇ ਗੇਟ ਬੰਦ ਕਰ ਦਿੱਤੇ ਜਾਣਗੇ। ਹਾਲਾਂਕਿ ਕਿਸਾਨਾਂ ਨੇ ਵਧੇਰੇ ਸਮੇਂ ਦੀ ਮੰਗ ਕੀਤੀ ਹੈ ਕਿਉਂਕਿ ਦੋ ਦਿਨ ਵਿੱਚ ਸਾਰੀ ਫ਼ਸਲ ਕੱਟਣਾ ਸੰਭਵ ਨਹੀਂ।
ਦੂਜੇ ਪਾਸੇ, ਅੰਮ੍ਰਿਤਸਰ ਦੇ ਅਟਾਰੀ ਬਾਰਡਰ ਰਾਹੀਂ ਪਾਕਿਸਤਾਨੀ ਨਾਗਰਿਕਾਂ ਦਾ ਆਪਣੀ ਦੇਸ਼ ਵਾਪਸੀ ਦਾ ਸਿਲਸਿਲਾ ਜਾਰੀ ਹੈ। ਬਾਰਡਰ ਤੋਂ ਪਹਿਲਾਂ ਲਾਏ ਗਏ ਨਾਕੇ ‘ਤੇ ਭਾਰੀ ਭੀੜ ਕਾਰਨ ਜਾਮ ਲੱਗਿਆ ਹੋਇਆ ਹੈ। BSF ਦੀਆਂ ਟੀਮਾਂ ਚੈੱਕਿੰਗ ਤੋਂ ਬਾਅਦ ਹੀ ਆਗੇ ਜਾਣ ਦੀ ਇਜਾਜ਼ਤ ਦੇ ਰਹੀਆਂ ਹਨ। ਸਰਕਾਰ ਨੇ ਨਾਗਰਿਕਾਂ ਨੂੰ 27 ਅਪ੍ਰੈਲ ਤੱਕ ਵਾਪਸ ਜਾਣ ਦੀ ਮਿਆਦ ਦਿੱਤੀ ਹੈ, ਜਦਕਿ ਮੈਡੀਕਲ ਵੀਜ਼ਾ ਵਾਲਿਆਂ ਲਈ 29 ਅਪ੍ਰੈਲ ਤੱਕ ਦਾ ਸਮਾਂ ਦਿੱਤਾ ਗਿਆ ਹੈ।
ਉੱਥੇ ਹੀ, ਪਹਿਲਗਾਮ ਹਮਲੇ ਦੇ ਵਿਰੋਧ ਵਿੱਚ ਅੰਮ੍ਰਿਤਸਰ ਦੇ ਵਪਾਰੀ ਵਰਗ ਨੇ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਸ਼ਾਸਤਰੀ ਮਾਰਕਿਟ, ਗੱਗੂ ਮੰਡੀ, ਸਰਾਫਾ ਬਾਜ਼ਾਰ, ਕਟੜਾ ਜੈਮਲ ਸਿੰਘ, ਕਟੜਾ ਆਹਲੂਵਾਲੀਆ, ਪ੍ਰਤਾਪ ਬਾਜ਼ਾਰ, ਗੋਇੰਕਾ ਮਾਰਕਿਟ, ਪੁਰਾਣੀ ਮੰਡੀ ਅਤੇ ਫੋਕਲ ਪਵਾਇੰਟ ਵਰਗੀਆਂ ਮੁੱਖ ਮਾਰਕੀਟਾਂ ਨੇ ਬੰਦ ਵਿੱਚ ਦਾ ਸਮਰਥਨ ਕੀਤਾ।