ਪਟਿਆਲਾ: ਪਟਿਆਲਾ ਵਿੱਚ ਭਾਰਤੀ ਫੌਜ ਦੇ ਕਰਨਲ ਦੀ ਕੁੱਟਮਾਰ ਦੇ ਮਾਮਲੇ ਵਿੱਚ ਐਸਐਸਪੀ ਨਾਨਕ ਸਿੰਘ ਨੇ ਵੱਡਾ ਫੈਸਲਾ ਲੈਂਦੇ ਹੋਏ 12 ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ। ਇਨ੍ਹਾਂ ਵਿੱਚ ਏਐਸਆਈ, ਇੰਸਪੈਕਟਰ, ਹੈਡਕਾਂਸਟੇਬਲ ਅਤੇ ਕਾਂਸਟੇਬਲ ਸ਼ਾਮਲ ਹਨ। ਨਾਲ ਹੀ, ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਨਸਾਫ਼ ਅਤੇ ਪਾਰਦਰਸ਼ਤਾ ਨੂੰ ਯਕੀਨੀ ਬਣਾਉਂਦੇ ਹੋਏ ਦੋਵੇਂ ਧਿਰਾਂ ਦੇ ਬਿਆਨਾਂ ਦੀ ਗੰਭੀਰ ਜਾਂਚ ਕੀਤੀ ਜਾਵੇਗੀ ਅਤੇ ਕਸੂਰਵਾਰਾਂ ‘ਤੇ ਕਾਨੂੰਨੀ ਕਾਰਵਾਈ ਹੋਵੇਗੀ। ਪੀਪੀਆਰ ਨਿਯਮਾਂ ਅਨੁਸਾਰ, ਜਿੱਥੇ ਜਾਂਚ 180 ਦਿਨਾਂ ਵਿੱਚ ਪੂਰੀ ਹੋਣੀ ਚਾਹੀਦੀ ਹੈ, ਉਥੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਜਾਂਚ 45 ਦਿਨਾਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
ਕਰਨਲ ਦੇ ਪਰਿਵਾਰ ਵੱਲੋਂ ਇਲਜ਼ਾਮ
ਸ਼ਨੀਵਾਰ ਨੂੰ ਪਟਿਆਲਾ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ, ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਜਸਵਿੰਦਰ ਬਾਠ ਨੇ ਦਾਅਵਾ ਕੀਤਾ ਕਿ 13-14 ਮਾਰਚ ਦੀ ਰਾਤ, ਉਨ੍ਹਾਂ ਦੇ ਪਤੀ ਅਤੇ ਪੁੱਤਰ ਰਾਜਿੰਦਰਾ ਹਸਪਤਾਲ ਨੇੜੇ ਇੱਕ ਢਾਬੇ ਤੇ ਖਾਣ-ਪੀਣ ਲਈ ਰੁਕੇ।
ਉਨ੍ਹਾਂ ਅਨੁਸਾਰ, ਜਦ ਉਹ ਗੱਡੀ ਦੇ ਬਾਹਰ ਖੜ੍ਹ ਕੇ ਖਾਣਾ ਖਾ ਰਹੇ ਸਨ, ਤਾਂ ਪੁਲਿਸ ਮੁਲਾਜ਼ਮ ਮੌਕੇ ‘ਤੇ ਆਏ ਅਤੇ ਕਰਨਲ ਨੂੰ ਗੱਡੀ ਹਟਾਉਣ ਲਈ ਆਖਣ ਲੱਗੇ। ਜਦ ਕਰਨਲ ਨੇ ਉਨ੍ਹਾਂ ਦੀ ਭਾਸ਼ਾ ਤੇ ਇਤਰਾਜ਼ ਕੀਤਾ, ਤਾਂ ਇੱਕ ਪੁਲਿਸ ਕਰਮਚਾਰੀ ਨੇ ਮੁੱਕਾ ਮਾਰ ਦਿੱਤਾ ਤੇ ਬਾਅਦ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਨੇ ਕਰਨਲ ਅਤੇ ਉਨ੍ਹਾਂ ਦੇ ਪੁੱਤਰ ਨੂੰ ਕੁੱਟਮਾਰ ਕੀਤੀ।
ਇਸ ਮਾਮਲੇ ਦੀ ਜਾਂਚ ਤੇਜ਼ੀ ਨਾਲ ਚਲ ਰਹੀ ਹੈ ਅਤੇ ਕਸੂਰਵਾਰਾਂ ‘ਤੇ ਸਖ਼ਤ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ।