ਜਗਤਾਰ ਸਿੰਘ ਸਿੱਧੂ;
ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 21 ਮਾਰਚ ਨੂੰ ਸ਼ੁਰੂ ਹੋ ਰਿਹਾ ਹੈ। ਬੇਸ਼ਕ ਹਰ ਬਜਟ ਸੈਸ਼ਨ ਹੀ ਸੂਬੇ ਅਤੇ ਦੇਸ਼ ਦੇ ਲੋਕਾਂ ਲਈ ਬੜਾ ਅਹਿਮ ਹੁੰਦਾ ਹੈ ਪਰ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋ ਵਿਧਾਨ ਸਭਾ ਅੰਦਰ 26 ਮਾਰਚ ਨੂੰ ਪੇਸ਼ ਕੀਤਾ ਜਾ ਰਿਹਾ ਬਜਟ ਕਈ ਲਿਹਾਜ਼ ਨਾਲ ਬੜੀ ਅਹਿਮੀਅਤ ਰੱਖਦਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਦਾ ਇਹ ਚੌਥਾ ਬਜਟ ਹੈ ਅਤੇ ਇਸ ਤੋਂ ਅਗਲਾ ਬਜਟ ਤਾਂ ਚੋਣਾਂ ਨਾਲ ਜੋੜ ਕੇ ਵੇਖਿਆ ਜਾਵੇਗਾ ਕਿਉਂਕਿ ਉਹ ਮਾਨ ਦੀ ਸਰਕਾਰ ਦੀ ਮੌਜੂਦਾ ਪਾਰੀ ਦਾ ਆਖ਼ਰੀ ਬਜਟ ਹੋਵੇਗਾ। ਸਾਲ 26 ਅਤੇ 27 ਦੇ ਬਜਟ ਮੌਕੇ ਹਾਕਮ ਧਿਰ ਸਮੇਤ ਵਿਰੋਧੀ ਪਾਰਟੀਆਂ ਦੀਆਂ ਨਜ਼ਰਾਂ ਵੀ ਪੂਰੀ ਤਰ੍ਹਾਂ ਵਿਧਾਨ ਸਭਾ ਚੋਣਾਂ ਉੱਪਰ ਟਿਕੀਆਂ ਹੋਣਗੀਆਂ।
21 ਮਾਰਚ ਨੂੰ ਸ਼ੁਰੂ ਹੋ ਰਹੇ ਬਜਟ ਸੈਸ਼ਨ ਵਿੱਚ ਪੰਜਾਬ ਦੇ ਰਾਜਪਾਲ ਦਾ ਭਾਸ਼ਣ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਬਾਰੇ ਪ੍ਰਗਟਾਵਾ ਹੋਵੇਗਾ । ਅਸਲ ਵਿੱਚ ਤਾਂ ਪੰਜਾਬ ਦੇ ਨਵੇਂ ਰਾਜਪਾਲ ਦਾ ਵੀ ਇਹ ਪਹਿਲਾ ਵਿਧਾਨ ਸਭਾ ਸੈਸ਼ਨ ਹੋਵੇਗਾ ਜਿਸ ਨੂੰ ਉਹ ਸੰਬੋਧਨ ਕਰਨਗੇ ।ਸਰਕਾਰ ਨੂੰ ਘੇਰਨ ਦੀ ਵਿਉਂਤਬੰਦੀ ਮੁੱਖ ਵਿਰੋਧੀ ਧਿਰ ਕਾਂਗਰਸ ਵੱਲੋਂ ਕੀਤੀ ਜਾਵੇਗੀ । ਇਸ ਲਿਹਾਜ਼ ਨਾਲ ਆ ਰਹੇ ਬਜਟ ਸੈਸ਼ਨ ਵਿੱਚ ਹਾਕਮ ਅਤੇ ਵਿਰੋਧੀ ਧਿਰ ਵਿਚਕਾਰ ਤਿੱਖੇ ਟਕਰਾਅ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ । ਮੁੱਖ ਵਿਰੋਧੀ ਧਿਰ ਕਾਂਗਰਸ ਹੁਣ ਤੋਂ ਹੀ ਮੀਡੀਆ ਵਿਚ ਇਹ ਦਾਅਵਾ ਕਰ ਰਹੀ ਹੈ ਕਿ ਵਿਧਾਨ ਸਭਾ ਦੀ ਆ ਰਹੀ ਚੋਣ ਵਿੱਚ ਪੰਜਾਬੀ ਕਾਂਗਰਸ ਨੂੰ ਫਤਵਾ ਦੇਣਗੇ ਅਤੇ ਕਾਂਗਰਸ ਦੀ ਸਰਕਾਰ ਬਣੇਗੀ। ਦੂਜੇ ਪਾਸੇ ਆਪ ਕਾਂਗਰਸ ਅਤੇ ਦੂਜੀਆਂ ਵਿਰੋਧੀ ਪਾਰਟੀਆਂ ਉੱਪਰ ਤਕੜੇ ਹਮਲੇ ਕਰ ਰਹੀ ਹੈ । ਇਸ ਸਾਰੇ ਦੀ ਝਲਕ ਸਦਨ ਅੰਦਰ ਵੀ ਦੇਖਣ ਨੂੰ ਮਿਲੇਗੀ।
ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਹਾਕਮ ਧਿਰ ਅਤੇ ਵਿਰੋਧੀ ਧਿਰ ਆਪੋ ਆਪਣੇ ਰਾਜਸੀ ਪੈਂਤੜਿਆਂ ਅਨੁਸਾਰ ਗੱਲ ਕਰਨਗੇ ਪਰ ਕਈ ਮੁੱਦੇ ਵੱਡੇ ਵਰਗਾਂ ਨਾਲ ਸਬੰਧਤ ਹਨ। ਮਿਸਾਲ ਵਜੋਂ ਇਹ ਵੇਖਿਆ ਜਾਵੇਗਾ ਕਿ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਆਪ ਦਾ ਵਾਅਦਾ ਇਸ ਸੈਸ਼ਨ ਵਿੱਚ ਪੂਰਾ ਹੋਵੇਗਾ ਜਾਂ ਨਹੀਂ । ਕਿਸਾਨਾਂ ਨੂੰ 5 ਫਸਲਾਂ ਉੱਪਰ ਘੱਟੋ-ਘੱਟ ਸਮਰਥਨ ਮੁੱਲ ਦਾ ਵਾਅਦਾ ਪੂਰਾ ਹੋਵੇਗਾ ਜਾਂ ਨਹੀਂ। ਸਰਕਾਰ ਅਮਨ ਕਾਨੂੰਨ, ਰੁਜ਼ਗਾਰ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਆਪਣੀ ਕਾਰਗੁਜ਼ਾਰੀ ਪੰਜਾਬ ਅੱਗੇ ਰੱਖੇਗੀ। ਕੇਂਦਰ ਦੇ ਪੰਜਾਬ ਵਿਰੋਧੀ ਵਿਵਹਾਰ ਦਾ ਪੱਖ ਸਦਨ ਅੱਗੇ ਹਾਕਮ ਧਿਰ ਰੱਖੇਗੀ।
ਪੰਜਾਬ ਵਿਧਾਨ ਸਭਾ ਦਾ ਇਹ ਪਹਿਲਾ ਸੈਸ਼ਨ ਹੋਵੇਗਾ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਿਧਾਇਕ ਹੋਣ ਦੇ ਬਾਵਜੂਦ ਪਾਰਟੀ ਲੀਡਰਸ਼ਿਪ ਦੀਆਂ ਨੀਤੀਆਂ ਦੇ ਹੱਕ ਵਿੱਚ ਪਾਰਟੀ ਦਾ ਕੋਈ ਵਿਧਾਇਕ ਬੋਲਣ ਵਾਲਾ ਨਹੀਂ ਹੋਵੇਗਾ।
ਪੰਜਾਬੀ ਉਮੀਦ ਕਰਦੇ ਹਨ ਕਿ ਪੰਜਾਬ ਵੱਡੇ ਸੰਕਟ ਵਿੱਚੋਂ ਨਿਕਲ ਰਿਹਾ ਹੈ ਤਾਂ ਸਦਨ ਅੰਦਰ ਮੁੱਦਿਆਂ ਉੱਪਰ ਸਾਰਥਕ ਬਹਿਸ ਹੋਵੇਗੀ।
ਸੰਪਰਕ/ 9814002186