ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ ਜਾਰੀ, ਹੁਣ ਅੱਠ ਆਈਏਐਸ ਅਧਿਕਾਰੀਆਂ ਦੇ ਹੋਏ ਤਬਾਦਲੇ

Global Team
3 Min Read

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਵਿੱਚ ਪ੍ਰਸ਼ਾਸਨਿਕ ਫੇਰਬਦਲ ਜਾਰੀ ਹੈ। ਸੋਮਵਾਰ ਦੇਰ ਸ਼ਾਮ ਮੁੱਖ ਸਕੱਤਰ ਕੇਏਪੀ ਸਿਨਹਾ ਨੇ ਰਾਜ ਦੇ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਮੇਤ ਅੱਠ ਆਈਏਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਇਨ੍ਹਾਂ ਵਿੱਚ ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਵੀ ਸ਼ਾਮਲ ਹੈ। ਫਰੀਦਕੋਟ ਦੇ ਡੀਸੀ ਵਿਨੀਤ ਕੁਮਾਰ ਨੂੰ ਹੁਣ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਬਰਨਾਲਾ ਦੀ ਡੀਸੀ ਪੂਨਮਦੀਪ ਕੌਰ ਨੂੰ ਹੁਣ ਫਰੀਦਕੋਟ ਦੀ ਡੀ.ਸੀ.ਨਿਯੁਕਤ ਕੀਤਾ ਗਿਆ ਹੈ।

ਹੁਸ਼ਿਆਰਪੁਰ ਦੀ ਡੀਸੀ ਕੋਮਲ ਮਿੱਤਲ ਨੂੰ ਹੁਣ ਮੁਹਾਲੀ ਦਾ ਡੀਸੀ ਅਤੇ ਐਸਏਐਸ ਨਗਰ ਦੀ ਡੀਸੀ ਆਸ਼ਿਕਾ ਜੈਨ ਨੂੰ ਡੀਸੀ ਹੁਸ਼ਿਆਰਪੁਰ ਲਾਇਆ ਗਿਆ ਹੈ। ਆਈਏਐਸ ਅਧਿਕਾਰੀ ਪਰਮਿੰਦਰ ਸਿੰਘ ਪਾਲ ਸਿੰਘ ਨੂੰ ਐਸਏਐਸ ਨਗਰ ਦੇ ਨਿਗਮ ਕਮਿਸ਼ਨਰ ਦਾ ਚਾਰਜ ਦਿੱਤਾ ਗਿਆ ਹੈ। ਜਲੰਧਰ ਵਿਕਾਸ ਅਥਾਰਟੀ ਦਾ ਚਾਰਜ ਸੰਭਾਲ ਰਹੇ ਆਈਏਐਸ ਅਧਿਕਾਰੀ ਅੰਕੁਰਜੀਤ ਸਿੰਘ ਨੂੰ ਹੁਣ ਸ਼ਹੀਦ ਭਗਤ ਸਿੰਘ ਨਗਰ ਦੇ ਡੀਸੀ ਦਾ ਚਾਰਜ, ਐਸਏਐਸ ਨਗਰ ਨਿਗਮ ਦੇ ਕਮਿਸ਼ਨਰ ਟੀ ਬੈਨੀਥ ਨੂੰ ਬਰਨਾਲਾ ਦੇ ਡੀਸੀ ਦਾ ਚਾਰਜ ਅਤੇ ਐਸਏਐਸ ਨਗਰ ਦੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਸ਼ਿਆਮਕਰਨ ਟਿੱਡਕੇ ਨੂੰ ਮਲੇਰਕੋਟਲਾ ਦੇ ਡਿਪਟੀ ਕਮਿਸ਼ਨਰ ਦਾ ਚਾਰਜ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਸਰਕਾਰ ਨੇ ਸੱਤ ਜ਼ਿਲ੍ਹਿਆਂ ਦੇ ਐਸਐਸਪੀ ਸਮੇਤ 21 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਸਨ। ਇਨ੍ਹਾਂ ਤਬਾਦਲਿਆਂ ਵਿੱਚ ਏਜੀਟੀਐਫ ਦੇ ਏਆਈਜੀ ਗੁਰਮੀਤ ਚੌਹਾਨ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ ਪਰ ਸਰਕਾਰ ਨੇ ਆਪਣੇ ਹੁਕਮ ਵਾਪਸ ਲੈ ਕੇ ਇਹ ਚਾਰਜ ਦੁਬਾਰਾ ਉਨ੍ਹਾਂ ਨੂੰ ਸੌਂਪ ਦਿੱਤਾ ਹੈ।

ਮਾਨ ਸਰਕਾਰ ‘ਚ ਕਰੀਬ ਢਾਈ ਸਾਲ ਤੱਕ ਉੱਚ ਅਹੁਦੇ ‘ਤੇ ਰਹੇ ਇਕ ਸੀਨੀਅਰ ਆਈਏਐਸ ਅਧਿਕਾਰੀ ਖਿਲਾਫ ਵਿਭਾਗੀ ਜਾਂਚ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਹੈ ਕਿ ਇਸ ਸੀਨੀਅਰ ਆਈਏਐਸ ਅਧਿਕਾਰੀ ਨੇ ਆਪਣੇ ਉੱਚ ਅਹੁਦੇ ਦੀ ਵਰਤੋਂ ਕਰਦਿਆਂ ਕੁਝ ਅਜਿਹੀਆਂ ਫਾਈਲਾਂ ’ਤੇ ਦਸਤਖਤ ਕੀਤੇ, ਜਿਸ ਤੋਂ ਪਤਾ ਲੱਗਦਾ ਹੈ ਕਿ ਕਿਤੇ ਨਾ ਕਿਤੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਅਜਿਹੇ ‘ਚ ਹੁਣ ਇਸ ਆਈਏਐਸ ਅਧਿਕਾਰੀ ਦੀ ਜਾਂਚ ਮੁੱਖ ਸਕੱਤਰ ਕੇ.ਏ.ਪੀ ਸਿਨਹਾ ਕਰ ਰਹੇ ਹਨ, ਆਉਣ ਵਾਲੇ ਦਿਨਾਂ ‘ਚ ਸਰਕਾਰ ਇਨ੍ਹਾਂ ਆਈਏਐਸ ਅਧਿਕਾਰੀਆਂ ਖਿਲਾਫ ਵੱਡੀ ਕਾਰਵਾਈ ਕਰ ਸਕਦੀ ਹੈ। ਮਾਨ ਸਰਕਾਰ ਨੇ ਪਹਿਲਾਂ ਹੀ ਵੱਡੇ ਪੱਧਰ ‘ਤੇ ਸਰਕਾਰ ਵਿਚ ਫੇਰਬਦਲ ਕੀਤਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment