ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਫੈਸਲੇ!

Global Team
4 Min Read

ਜਗਤਾਰ ਸਿੰਘ ਸਿੱਧੂ

ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਅੱਜ ਚੰਡੀਗੜ ਵਿੱਚ ਹੋਈ ਮੀਟਿੰਗ ਦੌਰਾਨ ਕਈ ਅਹਿਮ ਫੈਸਲੇ ਲਏ ਗਏ ਹਨ। ਫੈਸਲਿਆਂ ਦਾ ਸਬੰਧ ਅਕਾਲੀ ਦਲ ਨਾਲ ਜੁੜੇ ਮਾਮਲਿਆਂ ਅਤੇ ਪੰਜਾਬ ਨਾਲ ਜੁੜੇ ਵੱਡੇ ਮੁੱਦੇ ਬਾਬਾ ਭੀਮ ਰਾਉ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਰਚੀ ਸਾਜ਼ਿਸ਼ ਦੀ ਜਾਂਚ ਬਾਰੇ ਹੈ। ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਵਲੋਂ ਕੀਤੀ ਗਈ । ਮੀਟਿੰਗ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਸਨ।

ਬੇਸ਼ਕ ਐਡਵੋਕੇਟ ਧਾਮੀ ਨੇ ਇਹ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਸਿੰਘ ਸਾਹਿਬਾਨ ਵਲੋਂ ਬਣਾਈ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਇਕ ਦਿਨ ਬਾਅਦ ਉੱਨਾਂ ਵਲੋਂ ਬੁਲਾਈ ਜਾਵੇਗੀ ਪਰ ਅਕਾਲੀ ਦਲ ਦੀ ਭਰਤੀ ਦੀ ਮੁਹਿੰਮ ਤਾਂ ਬਹੁਤ ਅੱਗੇ ਨਿਕਲ ਗਈ ਹੈ ਕਿਉਂ ਜੋ ਅੱਜ ਦੀ ਵਰਕਿੰਗ ਕਮੇਟੀ ਮੀਟਿੰਗ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਡਾ ਦਲਜੀਤ ਸਿੰਘ ਚੀਮਾ ਵਲੋਂ ਦਿੱਤੀ ਜਾਣਕਾਰੀ ਅਨੁਸਾਰ ਤਕਰੀਬਨ 25 ਲੱਖ ਤੋਂ ਵੱਧ ਮੈਂਬਰਾਂ ਦੀ ਭਰਤੀ ਲਈ ਤਾਂ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ ਅਤੇ ਹੋਰ ਕਾਪੀਆਂ ਦੀ ਮੰਗ ਆ ਰਹੀ ਹੈ । ਇਸ ਤਰ੍ਹਾਂ ਪਾਰਟੀ ਦੀ ਭਰਤੀ ਲਈ ਤਾਂ ਸਾਰਾ ਕੁਝ ਤੈਅ ਹੋ ਗਿਆ ਹੈ । ਪ੍ਰਧਾਨ ਧਾਮੀ ਦਾ ਕਹਿਣਾ ਹੈ ਕਿ ਉਹ ਵੀ ਤਾਂ ਕਮੇਟੀ ਦੇ ਮੈਂਬਰ ਵਜੋਂ ਨਿਗਰਾਨੀ ਕਰ ਰਹੇ ਹਨ। ਇਸ ਲਈ ਹੁਣ ਇਹ ਅਹਿਮ ਹੋ ਗਿਆ ਹੈ ਕਿ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਬਾਕੀ ਦੇ ਕਮੇਟੀ ਮੈਂਬਰਾਂ ਵੱਲੋਂ ਭਰਤੀ ਦੀ ਸ਼ੁਰੂ ਹੋ ਚੁੱਕੀ ਮੁਹਿੰਮ ਪ੍ਰਵਾਨ ਹੋਵੇਗੀ ਜਾਂ ਨਹੀਂ । ਸਿੰਘ ਸਾਹਿਬਾਨ ਨੇ ਨਿਗਰਾਨ ਕਮੇਟੀ ਅਕਾਲੀ ਦਲ ਦੀ ਭਰਤੀ ਅਤੇ ਪਾਰਟੀ ਪ੍ਰਧਾਨ ਦੀ ਚੋਣ ਨੇਪਰੇ ਚਾੜ੍ਹਨ ਲਈ ਬਣਾਈ ਸੀ ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਬਾਰੇ ਵੀ ਸਥਿਤੀ ਸਪਸ਼ਟ ਕਰ ਦਿਤੀ ਹੈ । ਪ੍ਰਧਾਨ ਅਨੁਸਾਰ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਕਰ ਰਹੀ ਕਮੇਟੀ ਲਈ ਜਾਂਚ ਦਾ ਸਮਾਂ ਹੋਰ ਇਕ ਮਹੀਨੇ ਲਈ ਵਧਾ ਦਿੱਤਾ ਹੈ । ਪਹਿਲਾਂ ਦਾ ਸਮਾਂ ਜਨਵਰੀ ਵਿੱਚ ਖਤਮ ਹੋ ਰਿਹਾ ਸੀ। ਇਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਫਿਰ ਲਟਕ ਗਿਆ ਹੈ ਅਤੇ ਜਾਂਚ ਦੇ ਚਲਦਿਆਂ ਉੱਨਾਂ ਨੂੰ ਜਥੇਦਾਰ ਦੀ ਡਿਊਟੀ ਤੋਂ ਪਾਸੇ ਕੀਤਾ ਹੋਇਆ ਹੈ । ਇੰਨਾਂ ਦੋਹਾਂ ਮਾਮਲਿਆਂ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਦੀ ਗੱਲ ਆਖੀ ਸੀ ਅਤੇ ਗਿਆਨੀ ਹਰਪ੍ਰੀਤ ਸਿੰਘ ਦੀ ਜਾਂਚ ਰੋਕਣ ਬਾਰੇ ਕੁਝ ਨਹੀਂ ਕਿਹਾ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅੱਜ ਕੱਲ ਵਿਦੇਸ਼ ਦੌਰੇ ਤੇ ਹਨ।

ਵਰਕਿੰਗ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਲਈ ਬਣ ਰਹੀਆਂ ਵੋਟਾਂ ਵਿੱਚ ਗੈਰ ਸਿੱਖ ਵੋਟਰ ਬਨਾਉਣ ਬਾਰੇ ਸਖਤ ਇਤਰਾਜ਼ ਜਤਾਇਆ ਹੈ । ਇਹ ਕਿਹਾ ਗਿਆ ਹੈ ਕਿ ਪਹਿਲਾਂ ਵੀ ਗੁਰਦੁਆਰਾ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਜਾਅਲੀ ਵੋਟਾਂ ਦਾ ਮੁੱਦਾ ਉਠਾਇਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਹੈ । ਹੁਣ ਮੁੜ ਮਤਾ ਕਰਕੇ ਜਾਅਲੀ ਵੋਟਾਂ ਲਿਸਟਾਂ ਵਿਚੋਂ ਕੱਟਣ ਲਈ ਗੁਰਦੁਆਰਾ ਕਮਿਸ਼ਨ ਨੂੰ ਬੇਨਤੀ ਕੀਤੀ ਜਾ ਰਹੀ ਹੈ ਅਤੇ ਕਿਹਾ ਗਿਆ ਹੈ ਕਿ ਸਿੱਖ ਸੰਸਥਾ ਉੱਤੇ ਕਬਜ਼ਾ ਕਰਨ ਦੀ ਚਾਲ ਦਾ ਸਖਤੀ ਨਾਲ ਵਿਰੋਧ ਕੀਤਾ ਜਾਵੇਗਾ ।

ਵਰਕਿੰਗ ਕਮੇਟੀ ਨੇ ਬਾਬਾ ਭੀਮ ਰਾਉ ਅੰਬੇਦਕਰ ਦੇ ਬੁੱਤ ਨੂੰ ਤੋੜਨ ਦੀ ਮੰਦਭਾਗੀ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਕਿਹਾ ਹੈ ਕਿ ਇਹ ਪੰਜਾਬ ਦਾ ਅਮਨ ਭੰਗ ਕਰਨ ਦੀ ਡੂੰਘੀ ਸਾਜ਼ਿਸ਼ ਹੈ ।ਇਸ ਮਾਮਲੇ ਦੀ ਜੁਡੀਸ਼ੀਅਲ ਜਾਂਚ   ਹੋਵੇ ਤਾਂ ਜੋ ਅਸਲ ਦੋਸ਼ੀ ਸਾਹਮਣੇ ਆਉਣ । ਪਾਰਟੀ ਨੇ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਚਿੰਤਾ ਜ਼ਾਹਰ ਕੀਤੀ ਹੈ ।

ਸੰਪਰਕ 9814002186

Share This Article
Leave a Comment