ਜਗਤਾਰ ਸਿੰਘ ਸਿੱਧੂ;
ਕਿਸਾਨੀ ਮੰਗਾਂ ਨੂੰ ਲੈਕੇ ਸਮੁੱਚਾ ਕਿਸਾਨ ਅੰਦੋਲਨ ਏਕੇ ਵੱਲ ਵਧਦਾ ਨਜ਼ਰ ਆ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵਲੋਂ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਅੰਦੋਲਨ ਚਲਾ ਰਹੇ ਕਿਸਾਨ ਆਗੂਆਂ ਨੂੰ ਕਿਸਾਨੀ ਮੰਗਾਂ ਦੀ ਸਾਂਝੀ ਲੜਾਈ ਲਈ ਏਕੇ ਵਾਸਤੇ ਤੀਜੇ ਗੇੜ ਦੀ ਗੱਲਬਾਤ ਲਈ 12 ਫਰਵਰੀ ਨੂੰ ਚੰਡੀਗੜ੍ਹ ਮੀਟਿੰਗ ਦਾ ਸੱਦਾ ਭੇਜਿਆ ਹੈ। ਇਸ ਤੋਂ ਪਹਿਲਾਂ ਦੋ ਗੇੜ ਦੀ ਗੱਲਬਾਤ ਹੋ ਗਈ ਹੈ।
ਇਹ ਸੱਦਾ ਸੰਯੁਕਤ ਕਿਸਾਨ ਮੋਰਚੇ ਦੀ 6 ਮੈਂਬਰੀ ਕਮੇਟੀ ਵਲੋਂ ਦਿੱਤਾ ਗਿਆ ਹੈ। ਕਮੇਟੀ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਅਤੇ ਅਤੇ ਇਕ ਹੋਰ ਨੇਤਾ ਰਮਿੰਦਰ ਸਿੰਘ ਪਟਿਆਲਾ ਵਲੋਂ ਦਿੱਤੇ ਗਏ ਸੱਦੇ ਦੇ ਮੱਦੇਨਜ਼ਰ ਚੰਡੀਗੜ੍ਹ ਦੀ ਮੀਟਿੰਗ ਕਈ ਕਾਰਨਾਂ ਕਰਕੇ ਅਹਿਮ ਹੋ ਗਈ ਹੈ। ਉਸੇ ਹੀ ਦਿਨ ਖਨੌਰੀ ਬਾਰਡਰ ਉੱਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਖਨੌਰੀ ਕਿਸਾਨਾਂ ਨੂੰ ਮਹਾਂ ਪੰਚਾਇਤ ਦਾ ਸੱਦਾ ਦਿੱਤਾ ਹੈ। ਡੱਲੇਵਾਲ ਦੀ ਸਿਹਤ ਵਿਚ ਸੁਧਾਰ ਬਾਅਦ ਇਹ ਪਹਿਲਾ ਵੱਡਾ ਇੱਕਠ ਹੋਵੇਗਾ ਜਿਸ ਨੂੰ ਕਿਸਾਨ ਆਗੂ ਡੱਲੇਵਾਲ ਸੰਬੋਧਨ ਕਰਨਗੇ।
ਡੱਲੇਵਾਲ ਪਹਿਲਾਂ ਹੀ ਮੀਡੀਆ ਰਾਹੀਂ ਕਿਸਾਨ ਅੰਦੋਲਨ ਲਈ ਏਕੇ ਦਾ ਸੱਦਾ ਦੇ ਚੁੱਕੇ ਹਨ।ਇਸ ਨਾਲ ਹੀ ਅਹਿਮ ਕੜੀ ਇਹ ਵੀ ਜੁੜ ਗਈ ਹੈ ਕਿ ਬਾਰਾਂ ਫਰਵਰੀ ਦੇ ਠੀਕ ਦੋ ਦਿਨ ਬਾਅਦ ਚੰਡੀਗੜ੍ਹ ਵਿੱਚ ਹੀ ਸ਼ੰਭੂ ਅਤੇ ਖਨੌਰੀ ਮੋਰਚੇ ਦੇ ਆਗੂਆਂ ਦੀ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਕੇਂਦਰੀ ਟੀਮ ਨਾਲ ਚੰਡੀਗੜ੍ਹ ਮੀਟਿੰਗ ਹੋ ਰਹੀ ਹੈ। ਬੇਸ਼ੱਕ ਕਿਸਾਨ ਆਗੂਆਂ ਨੇ ਸੱਦੇ ਦੇ ਏਜੰਡੇ ਨੂੰ ਏਕੇ ਨਾਲ ਜੋੜ ਕੇ ਹੀ ਰੱਖਿਆ ਹੈ ਪਰ ਉਸ ਅਨੁਸਾਰ ਇਹ ਵੀ ਤੈਅ ਹੋਣਾ ਹੈ ਕਿ ਏਕਾ ਮੰਗਾਂ ਦੇ ਮੁੱਦੇ ਨੂੰ ਲੈ ਕੇ ਮੁਕੰਮਲ ਹੋਵੇਗਾ ਜਾਂ ਸਾਂਝੇ ਐਕਸ਼ਨਾ ਤੱਕ ਸੀਮਤ ਰਹੇਗਾ ਜਿਵੇਂ ਕਿ ਛੱਬੀ ਜਨਵਰੀ ਦਾ ਟਰੈਕਟਰ ਮਾਰਚ ਸੀ । ਇਹ ਜਰੂਰ ਹੈ ਕਿ ਜਿਹੜੇ ਕਿਸਾਨਾਂ ਦੇ ਹਿੱਤ ਲਈ ਜਥੇਬੰਦੀਆਂ ਲੜ ਰਹੀਆਂ ਹਨ, ਉਹ ਕਿਸਾਨ ਮੁਕੰਮਲ ਏਕੇ ਦੇ ਹਾਮੀ ਹਨ। 12ਫਰਵਰੀ ਦੀ ਮੀਟਿੰਗ ਦਾ ਏਜੰਡਾ ਬੇਸ਼ੱਕ ਏਕੇ ਦਾ ਹੈ ਪਰ ਇਹ ਕਿਵੇਂ ਸੰਭਵ ਹੈ ਕਿ 14 ਫਰਵਰੀ ਦੀ ਕੇਂਦਰ ਨਾਲ ਚੰਡੀਗੜ੍ਹ ਹੋਣ ਵਾਲੀ ਮੀਟਿੰਗ ਦੀ ਬਾਰਾਂ ਫਰਵਰੀ ਦੀ ਸਾਂਝੀ ਮੀਟਿੰਗ ਵਿੱਚ ਚਰਚਾ ਨਾ ਹੋਵੇ । ਹਾਲਾਂਕਿ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਆਗੂਆਂ ਨੂੰ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਨ ਕਿ ਜੇਕਰ ਕੇਂਦਰ ਨਾਲ ਮੰਗਾਂ ਬਾਰੇ ਗੱਲਬਾਤ ਸਿਰੇ ਚੜ੍ਹਦੀ ਹੈ ਤਾਂ ਇਹ ਚੰਗੀ ਗੱਲ ਹੈ ਪਰ ਸਾਰੇ ਫੋਰਮਾਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਦੀ ਰਾਇ ਬਹੁਤ ਅਹਿਮੀਅਤ ਰੱਖਦੀ ਹੈ। ਸਾਰੇ ਕਿਸਾਨ ਆਗੂਆਂ ਦੀ ਇਹ ਰਾਏ ਤਾਂ ਬਣੀ ਹੋਈ ਹੈ ਕਿ ਕੇਂਦਰ ਤੋਂ ਮੰਗਾਂ ਮਨਵਾਉਣ ਲਈ ਸਾਂਝੇ ਸੰਘਰਸ਼ ਦੀ ਬਹੁਤ ਅਹਿਮੀਅਤ ਹੈ। ਦਿੱਲੀ ਬਾਰਡਰ ਤੇ ਲੜੇ ਅੰਦੋਲਨ ਦੀ ਮਿਸਾਲ ਸਾਰਿਆਂ ਦੇ ਸਾਹਮਣੇ ਹੈ।
ਸੰਪਰਕ 9814002186