ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਡੀ ਗਿਣਤੀ ਵਿਚ ਜਾਅਲੀ ਵੋਟਰਾਂ ਦੀ ਰਜਿਸਟਰੇਸ਼ਨ ਅਤੇ ਅਧੂਰੀਆਂ ਵੋਟਰ ਲਿਸਟਾਂ ’ਤੇ ਰੋਸ ਜ਼ਾਹਰ ਕਰਦਿਆਂ ਨਵੀਂਆਂ ਵੋਟਾਂ ਦੀ ਰਜਿਸਟਰੇਸ਼ਨ ਵਾਸਤੇ ਸਮਾਂ ਵਧਾਉਣ ਦੀ ਮੰਗ ਕੀਤੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਮੈਂਬਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਮੀਟਿੰਗ ਕੀਤੀ।
ਮੀਟਿੰਗ ਵਿਚ ਦੱਸਿਆ ਗਿਆ ਕਿ ਕਿਵੇਂ ਸ਼੍ਰੋਮਣੀ ਕਮੇਟੀ ਚੋਣਾਂ ਲਈ ਵੱਡੀ ਪੱਧਰ ’ਤੇ ਹੇਰ ਫੇਰ ਕੀਤਾ ਗਿਆ ਹੈ ਤੇ ਮੈਂਬਰਾਂ ਨੇ ਅੰਕੜੇ ਪੇਸ਼ ਕਰਦਿਆਂ ਦੱਸਿਆ ਕਿ ਕਿਵੇਂ ਵੋਟਰ ਲਿਸਟਾਂ ਵਿਚ ਗੈਰ ਸਿੱਖ ਭਰੇ ਪਏ ਹਨ ਤੇ ਵਿਧਾਨ ਸਭਾ ਹਲਕਿਆਂ ਦੀ ਵੋਟਰ ਲਿਸਟਾਂ ਵਿਚੋਂ ਨਾਂ ਚੁੱਕ ਕੇ ਇਹਨਾਂ ਵਿਚ ਸ਼ਾਮਲ ਕਰ ਦਿੱਤੇ ਗਏ ਹਨ।
ਬਾਅਦ ਵਿਚ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਦੱਸਿਆ ਕਿ ਪਾਰਟੀ ਦਾ ਵਫਦ ਭਲਕੇ ਗੁਰਦੁਆਰਾ ਚੋਣਾਂ ਦੇ ਮੁੱਖ ਕਮਿਸ਼ਨਰ ਸੁਰਿੰਦਰ ਸਿੰਘ ਸਾਰੋਂ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਨੂੰ ਸ਼ਿਕਾਇਤਾਂ ਦੇ ਨਾਲ-ਨਾਲ ਜਾਅਲੀ ਵੋਟਾਂ ਦੀ ਰਜਿਸਟਰੇਸ਼ਨ ਤੋਂ ਜਾਣੂ ਕਰਵਾਏਗਾ। ਉਹਨਾਂ ਕਿਹਾ ਕਿ ਅਸੀਂ ਮੁੱਖ ਕਮਿਸ਼ਨਰ ਨੂੰ ਇਹ ਵੀ ਦੱਸਾਂਗੇ ਕਿ ਜਾਅਲੀ ਵੋਟਰ ਸੂਚੀਆਂ ਜਿਹਨਾਂ ਵਿਚ ਹੋਰ ਧਰਮਾਂ ਦੇ ਲੋਕ ਵੀ ਸ਼ਾਮਲ ਹਨ, ਦੇ ਬਲਬੂਤੇ ’ਤੇ ਆਮ ਆਦਮੀ ਪਾਰਟੀ (ਆਪ) ਸਰਕਾਰ ਇਹਨਾਂ ਚੋਣਾਂ ਵਿਚ ਘਪਲਾ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਵੋਟਾਂ ਨੂੰ ਪ੍ਰਭਾਵਤ ਕਰਨ ਵਾਸਤੇ ਅਯੋਗ ਵੋਟਰਾਂ ਦੀ ਰਜਿਸਟਰੇਸ਼ਨ ਸਮੇਤ ਹਰ ਹਰਬਾ ਵਰਤ ਰਹੀ ਹੈ।
ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅਕਾਲੀ ਦਲ ਦਾ ਵਫਦ ਮੁੱਖ ਕਮਿਸ਼ਨਰ ਨੂੰ ਇਹ ਵੀ ਕਹੇਗਾ ਕਿ ਵੋਟਰ ਸੂਚੀਆਂ ਦੀ ਡੂੰਘਾਈ ਨਾਲ ਪੜਤਾਲ ਜ਼ਰੂਰੀ ਹੈ। ਉਹਨਾਂ ਕਿਹਾ ਕਿ ਅਸੀਂ ਨਵੇਂ ਵੋਟਰਾਂ ਦੀ ਰਜਿਸਟਰੇਸ਼ਨ ਵਾਸਤੇ ਸਮਾਂ ਵਧਾਉਣ ਦੀ ਮੰਗ ਵੀ ਕਰਾਂਗੇ ਕਿਉਂਕਿ ਵੱਡੀ ਗਿਣਤੀ ਵਿਚ ਯੋਗ ਵੋਟਰ ਹਾਲੇ ਸੂਚੀਆਂ ਵਿਚ ਸ਼ਾਮਲ ਕਰਨੇ ਬਾਕੀ ਹਨ।
ਉਹਨਾਂ ਕਿਹਾ ਕਿ ਵਫਦ ਗੁਰਦੁਆਰਾ ਚੋਣਾਂ ਦੇ ਦਫਤਰ ਵਿਚ ਅਯੋਗ ਵੋਟਰਾਂ ਦੀ ਵੱਡੇ ਪੱਧਰ ’ਤੇ ਰਜਿਸਟਰੇਸ਼ਨ ਦੇ ਸਬੂਤ ਵੀ ਸੌਂਪੇਗਾ ਅਤੇ ਪਾਰਟੀ ਦੇ ਆਗੂ ਆਪੋ ਆਪਣੇ ਇਲਾਕੇ ਵਿਚ ਸਬ ਡਵੀਜ਼ਨਲ ਮੈਜਿਸਟਰੇਟ (ਐਸ ਡੀ ਐਮ) ਕੋਲ ਪਹੁੰਚ ਕਰ ਕੇ ਅਯੋਗ ਵੋਟਰਾਂ ਦੀਆਂ ਵੋਟਾਂ ਕੱਟੇ ਜਾਣ ਦੀ ਮੰਗ ਕਰਨਗੇ।
ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਬਹੁ ਗਿਣਤੀ ਮੈਂਬਰ ਸ਼ਾਮਲ ਹੋਏ ਜਿਹਨਾਂ ਨੇ ਪੰਥ ਵਿਰੋਧੀ ਤਾਕਤਾਂ ਨੂੰ ਸ਼੍ਰੋਮਣੀ ਕਮੇਟੀ ਵਿਚੋਂ ਬਾਹਰ ਰੱਖਣ ਅਤੇ ਆਉਂਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਅਕਾਲੀ ਦਲ ਦੀ ਵੱਡੀ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕਰਨ ਦਾ ਪ੍ਰਣ ਲਿਆ।