ਜਗਤਾਰ ਸਿੰਘ ਸਿੱਧੂ;
ਕਿਸਾਨੀ ਮੰਗਾਂ ਦੀ ਪੂਰਤੀ ਦੇ ਮੁੱਦੇ ਬਾਰੇ ਕੇਂਦਰ ਵਲੋਂ ਮੀਟਿੰਗ ਕਰਨ ਦੀ ਪਹਿਲਕਦਮੀ ਨੂੰ ਜਿਥੇ ਹਾਂ ਪੱਖੀ ਹੁੰਗਾਰੇ ਵਜੋਂ ਵੇਖਿਆ ਜਾ ਰਿਹਾ ਹੈ ਉਥੇ ਮੀਟਿੰਗ ਦੀ 14 ਫਰਵਰੀ ਨੂੰ ਚੰਡੀਗੜ੍ਹ ਵਿੱਚ ਰੱਖੀ ਤਰੀਕ ਬਾਰੇ ਵੀ ਸਵਾਲ ਉੱਠ ਰਹੇ ਹਨ। ਗੱਲਬਾਤ ਦਾ ਸੱਦਾ ਆਉਣ ਬਾਅਦ ਬੇਸ਼ੱਕ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਮਰਨ ਵਰਤ ਜਾਰੀ ਹੈ ਪਰ ਉਨਾਂ ਨੂੰ ਮੈਡੀਕਲ ਮਦਦ ਮਿਲਣੀ ਸ਼ੁਰੂ ਹੋ ਗਈ ਹੈ। ਇਸ ਬਾਰੇ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੀ ਅੰਦੋਲਨ ਵਿੱਚ ਸ਼ਾਮਲ ਕਿਸਾਨ ਅਤੇ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਡੱਲੇਵਾਲ ਨੂੰ ਜੋਰਦਾਰ ਅਪੀਲ ਕੀਤੀ ਹੈ ਕਿ ਮਰਨ ਵਰਤ ਛੱਡ ਕੇ ਤੰਦਰੁਸਤ ਹੋਕੇ ਅੰਦੋਲਨ ਦੀ ਅਗਵਾਈ ਕਰਨ ਕਿਉਂਕਿ ਕੇਂਦਰ ਦੀ ਕਿਸਾਨ ਵਿਰੋਧੀ ਨੀਤੀ ਨੂੰ ਜਿਥੇ ਟੇਬਲ ਤੇ ਗੱਲਬਾਤ ਕਰਕੇ ਸਹੀ ਰਾਹ ਤੇ ਲਿਆਉਣ ਦੀ ਲੋੜ ਹੈ ਉਥੇ ਸੰਘਰਸ਼ ਨੂੰ ਤੇਜ਼ ਕਰਕੇ ਦਬਾਅ ਬਣਾਉਣ ਦੀ ਲੋੜ ਹੈ।
ਕੇਂਦਰ ਸਰਕਾਰ ਦੇ ਅਧਿਕਾਰੀਆਂ ਦੀ ਉੱਚ ਪੱਧਰੀ ਟੀਮ ਗੱਲਬਾਤ ਕਰਨ ਲਈ ਦੋ ਦਿਨ ਪਹਿਲਾਂ ਖਨੌਰੀ ਬਾਰਡਰ ਤੇ ਪਹੁੰਚ ਕੇ ਡੱਲੇਵਾਲ ਨੂੰ ਮਿਲੀ ਅਤੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਇਹ ਤੈਅ ਹੋਇਆ ਕਿ ਕੇਂਦਰ ਦੇ ਅਧਿਕਾਰੀਆਂ ਵਲੋਂ ਚੰਡੀਗੜ੍ਹ ਆਕੇ 14 ਫਰਵਰੀ ਨੂੰ ਮੀਟਿੰਗ ਮੋਰਚੇ ਦੇ ਆਗੂਆਂ ਨਾਲ ਕੀਤੀ ਜਾਵੇਗੀ । ਉਹ ਬਕਾਇਦਾ ਲਿਖਤੀ ਪੱਤਰ ਲੈ ਕੇ ਆਏ ਸਨ। ਕਿਸਾਨ ਆਗੂਆਂ ਵੱਲੋਂ ਗੱਲਬਾਤ ਲਈ ਸੱਦਾ ਸ਼ੰਭੂ ਅਤੇ ਖਨੌਰੀ ਬਾਰਡਰ ਉੱਤੇ ਲੜੇ ਜਾ ਰਹੇ ਅੰਦੋਲਨ ਦੇ ਦਬਾਅ ਦਾ ਹੀ ਸਿੱਟਾ ਹੈ ਪਰ ਗੱਲਬਾਤ ਦੀ ਤਰੀਕ ਫਰਵਰੀ ਦੇ ਅੱਧ ਵਿੱਚ ਲੈ ਜਾਣ ਲਈ ਦਿੱਤੀ ਇਕ ਵੱਡੀ ਦਲੀਲ ਸਮਝ ਤੋਂ ਬਾਹਰ ਹੈ। ਦਿੱਲੀ ਤੋਂ ਆਈ ਟੀਮ ਦਾ ਕਹਿਣਾ ਸੀ ਕਿ ਦਿੱਲੀ ਵਿੱਚ ਚੋਣਾਂ ਹੋਣ ਕਾਰਨ ਚੋਣ ਜ਼ਾਬਤਾ ਲਾਗੂ ਹੈ ਅਤੇ ਇਸ ਲਈ ਕਿਸਾਨੀ ਮੰਗਾਂ ਉੱਪਰ ਕੋਈ ਠੋਸ ਗੱਲ ਨਹੀਂ ਹੋ ਸਕਦੀ । ਇਸ ਕਰਕੇ ਚੋਣ ਬਾਅਦ ਕਿਸਾਨਾਂ ਨਾਲ ਗੱਲਬਾਤ ਹੋਵੇਗੀ। ਇਹ ਦਲੀਲ ਉਸ ਵੇਲੇ ਲਾਗੂ ਨਹੀਂ ਹੋਈ ਜਦੋਂ ਕੇਂਦਰੀ ਕੈਬਨਿਟ ਨੇ ਕੇਂਦਰ ਦੇ ਇਕ ਕਰੋੜ ਤੋਂ ਵਧੇਰੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ 8ਵੇਂ ਤਨਖਾਹ ਕਮਿਸ਼ਨ ਦਾ ਐਲਾਨ ਕਰ ਦਿੱਤਾ ਜਦੋਂ ਕਿ ਅਜੇ 7ਵਾਂ ਪੇ ਕਮਿਸ਼ਨ 2026 ਤੱਕ ਲਾਗੂ ਹੈ। ਕਿਸਾਨ ਪਹਿਲਾਂ ਦਿੱਲੀ ਬਾਰਡਰ ਤੇ ਬੈਠ ਕੇ ਲੜਦੇ ਰਹੇ ।ਹੁਣ ਡੱਲੇਵਾਲ ਅਤੇ ਪੰਧੇਰ ਦੀ ਅਗਵਾਈ ਹੇਠ ਸ਼ੰਭੂ ਅਤੇ ਖਨੌਰੀ ਹਰਿਆਣਾ ਦੀ ਹੱਦ ਤੇ ਬੈਠ ਕੇ ਪਿਛਲੀ ਫਰਵਰੀ ਤੋਂ ਲੜ ਰਹੇ ਹਨ। ਕਈ ਕਿਸਾਨਾਂ ਦੀ ਜਾਨ ਚਲੀ ਗਈ ।ਡੱਲੇਵਾਲ ਦੀ ਸਿਹਤ ਬੇਹੱਦ ਖਰਾਬ ਹੋ ਗਈ ਹੈ ।ਇਸ ਸਥਿਤੀ ਵਿੱਚ ਮੀਟਿੰਗ ਨੂੰ ਫਰਵਰੀ ਵਿੱਚ ਲੈਜਾਣ ਬਾਰੇ ਸਵਾਲ ਸੁਭਾਵਿਕ ਹਨ। ਗੱਲਬਾਤ ਦੀ ਪੇਸ਼ਕਸ਼ ਬਾਅਦ ਕਿਸਾਨਾ ਦੇ ਵੱਡੇ ਜਥੇ ਦਾ ਮਰਨ ਵਰਤ ਸਮਾਪਤ ਹੋ ਗਿਆ ਹੈ।
ਪੰਧੇਰ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਦੂਜੇ ਕਿਸਾਨ ਸੰਯੁਕਤ ਮੋਰਚੇ ਨਾਲ ਪੂਰੀ ਏਕਤਾ ਤਾਂ ਨਹੀਂ ਪਰ ਘੱਟੋ ਘੱਟ ਪ੍ਰੋਗਰਾਮ ਉੱਪਰ ਸਹਿਮਤੀ ਬਨਣ ਦੀ ਆਸ ਹੈ। ਸੰਯੁਕਤ ਕਿਸਾਨ ਮੋਰਚਾ ਚੌਵੀ ਜਨਵਰੀ ਨੂੰ ਦਿੱਲੀ ਮੀਟਿੰਗ ਕਰਕੇ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਅੰਦੋਲਨ ਨਾਲ ਸਹਿਯੋਗ ਬਾਰੇ ਸਹਿਮਤੀ ਬਣਾ ਸਕਦਾ ਹੈ।
ਸੰਪਰਕ: 9814002186