ਚੰਡੀਗੜ੍ਹ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਦੀਆਂ ਚੋਣਾਂ ਐਤਵਾਰ ਨੂੰ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋ ਗਈਆਂ। ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐੱਚਐੱਸਜੀਐੱਮਸੀ) ਦੀਆਂ ਕਰੀਬ 11 ਸਾਲ ਬਾਅਦ ਹੋਈਆਂ ਚੋਣਾਂ ਵਿਚ ਜਗਦੀਸ਼ ਸਿੰਘ ਝੀਂਡਾ ਦੇ ਧੜੇ ਦਾ ਦਬਦਬਾ ਰਿਹਾ। ਸੰਤ ਬਲਜੀਤ ਸਿੰਘ ਦਾਦੂਵਾਲ ਇਸ ਚੋਣ ਵਿਚ ਹਾਰ ਗਏ ਜਦੋਂਕਿ ਦੀਦਾਰ ਸਿੰਘ ਨਲਵੀ ਬਹੁਤ ਘੱਟ ਵੋਟਾਂ ਨਾਲ ਚੋਣ ਜਿੱਤ ਸਕੇ ਹਨ। ਬਲਜੀਤ ਸਿੰਘ ਦਾਦੂਵਾਲ, ਦੀਦਾਰ ਸਿੰਘ ਨਲਵੀ ਅਤੇ ਜਦੀਸ਼ ਸਿੰਘ ਝੀਂਡਾ ਵੱਖ-ਵੱਖ ਸਮੇਂ ’ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।
ਕੁਰੂਕਸ਼ੇਤਰ ਦੇ ਪੰਜ ਵਾਰਡ ਬਣਾਏ ਗਏ ਸਨ, ਜਿੱਥੇ 56 ਪੋਲਿੰਗ ਸਟੇਸ਼ਨਾਂ ‘ਤੇ ਚੋਣਾਂ ਹੋਈਆਂ ਸਨ।ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਮੈਦਾਨ ਵਿੱਚ 21 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਿਨ੍ਹਾਂ ਵਿੱਚ ਤਿੰਨ ਔਰਤਾਂ ਵੀ ਸ਼ਾਮਿਲ ਹਨ। ਚੋਣ ਲੜ ਰਹੇ ਚਾਰ ਸਿੱਖ ਗਰੁੱਪਾਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਰਾਜ ਦੇ 22 ਜ਼ਿਲ੍ਹਿਆਂ ਵਿੱਚ ਬਣਾਏ ਗਏ 390 ਬੂਥਾਂ ‘ਤੇ ਕਰੀਬ ਚਾਰ ਲੱਖ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਜੀ.ਪੀ.ਸੀ.) ਦੀਆਂ ਚੋਣਾਂ ਲਈ ਸੋਨੀਪਤ ‘ਚ ਸਖਤ ਸੁਰੱਖਿਆ ਵਿਚਕਾਰ ਵੋਟਿੰਗ ਪ੍ਰਕਿਰਿਆ ਹੋਈ। ਜ਼ਿਲ੍ਹੇ ਦੇ 1799 ਵੋਟਰ ਚੋਣ ਲੜ ਰਹੇ ਛੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਸੋਨੀਪਤ, ਰੋਹਤਕ ਅਤੇ ਜੀਂਦ ਵੀ ਐਚਜੀਪੀਸੀ ਦੇ ਵਾਰਡ ਨੰਬਰ 24 ਅਧੀਨ ਆਉਂਦੇ ਹਨ।
ਅੰਬਾਲਾ ਜ਼ਿਲ੍ਹੇ ਦੇ ਵਾਰਡ 3 ਨਰਾਇਣਗੜ੍ਹ ਤੋਂ ਐਚ.ਐਸ.ਪੀ.ਡੀ. ਦੇ ਗੁਰਜੀਤ ਸਿੰਘ ਧਮੋਲੀ ਨੇ 2214 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 4 ਬਰਾੜਾ ਤੋਂ ਦਾਦੂਵਾਲ ਗਰੁੱਪ ਦੇ ਸਮਰਥਨ ਵਾਲੇ ਰਜਿੰਦਰ ਸਿੰਘ ਨੇ 2146 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਅੰਬਾਲਾ-2 ਦੇ ਵਾਰਡ 5 ਤੋਂ ਐਸ.ਐਸ.ਐਸ. ਦੇ ਰੁਪਿੰਦਰ ਸਿੰਘ ਪੰਜੋਖਰਾ ਸਾਹਿਬ ਨੇ 2524 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਦਾਦੂਵਾਲ ਗਰੁੱਪ ਸਮਰਥਿਤ ਉਮੀਦਵਾਰ ਸੁਦਰਸ਼ਨ ਸਿੰਘ ਸਹਿਗਲ ਨੂੰ 1899 ਵੋਟਾਂ ਨਾਲ ਹਰਾਇਆ। ਅੰਬਾਲਾ-1 ਦੇ ਵਾਰਡ 6 ਤੋਂ ਐਸ.ਐਸ.ਐਸ. ਦੇ ਗੁਰਤੇਜ ਸਿੰਘ ਨੇ 5076 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 7 ਨੱਗਲ ਤੋਂ ਆਜ਼ਾਦ ਉਮੀਦਵਾਰ ਸੁਖਦੇਵ ਸਿੰਘ ਨੇ 1911 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਕੁਰੂਕਸ਼ੇਤਰ ਜ਼ਿਲ੍ਹੇ ਦੇ ਵਾਰਡ 11 ਪਿਹੋਵਾ ਤੋਂ ਪੰਥਕ ਦਲ ਝੀਂਡਾ ਗਰੁੱਪ ਹਰਿਆਣਾ (ਪੀ.ਡੀ.ਜੇ.ਜੀ.ਐਚ.) ਦੇ ਕੁਲਦੀਪ ਸਿੰਘ ਮੁਲਤਾਨੀ ਨੇ 3400 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 12 ਮੁਰਤਜ਼ਾਪੁਰ ਤੋਂ ਪੀ.ਡੀ.ਜੇ.ਜੀ.ਐਚ. ਦੇ ਇੰਦਰਜੀਤ ਸਿੰਘ ਨੇ 3595 ਵੋਟਾਂ ਨਾਲ ਜਿੱਤ ਹਾਸਿਲ ਕੀਤੀ। ਵਾਰਡ 13 ਸ਼ਾਹਾਬਾਦ ਤੋਂ ਐਸ.ਐਸ.ਐਸ. ਦੇ ਦੀਦਾਰ ਸਿੰਘ ਨਲਵੀ ਨੇ ਜਿੱਤ ਹਾਸਿਲ ਕੀਤੀ। ਉਨ੍ਹਾਂ ਨੇ HSGMC ਦੇ ਬੁਲਾਰੇ ਬੇਅੰਤ ਸਿੰਘ ਨਲਵੀ ਨੂੰ ਹਰਾਇਆ। ਵਾਰਡ 14 ਲਾਡਵਾ ਤੋਂ ਐਚ.ਐਸ.ਪੀ.ਡੀ. ਦੀ ਜਸਬੀਰ ਕੌਰ ਮਸਾਣਾ ਨੇ 2193 ਵੋਟਾਂ ਨਾਲ ਜਿੱਤ ਦਰਜ ਕੀਤੀ। ਵਾਰਡ 15 ਥਾਨੇਸਰ-2 ਅਤੇ ਧੂਰਾਲਾ ਤੋਂ ਆਜ਼ਾਦ ਉਮੀਦਵਾਰ ਹਰਮਨ ਪ੍ਰੀਤ ਸਿੰਘ ਨੇ 4232 ਵੋਟਾਂ ਨਾਲ ਜਿੱਤ ਹਾਸਲ ਕੀਤੀ ਅਤੇ ਉਨ੍ਹਾਂ ਨੇ ਮੌਜੂਦਾ ਸਰਕਾਰ ਵਲੋਂ ਨਾਮਜ਼ਦ HSGMC ਮੈਂਬਰ ਰਵਿੰਦਰ ਕੌਰ ਅਜਰਾਣਾ ਨੂੰ ਹਰਾਇਆ।
ਯਮੁਨਾਨਗਰ ਜ਼ਿਲ੍ਹੇ ’ਚ ਐਚ.ਐਸ.ਪੀ.ਸੀ. ਦੇ ਪ੍ਰਧਾਨ ਬਲਦੇਵ ਸਿੰਘ ਕੈਮਪੁਰੀ ਨੇ ਵਾਰਡ 10 ਬਿਲਾਸਪੁਰ ਤੋਂ 2,236 ਵੋਟਾਂ ਨਾਲ ਜਿੱਤ ਦਰਜ ਕੀਤੀ। ਵਾਰਡ 8 ਰਾਦੌਰ ਤੋਂ ਐਚ.ਐਸ.ਪੀ.ਡੀ. ਦੇ ਸਮਰਥਨ ਵਾਲੇ ਆਜ਼ਾਦ ਉਮੀਦਵਾਰ ਗੁਰਬੀਰ ਸਿੰਘ ਛੀਨਾ ਨੇ 2307 ਵੋਟਾਂ ਨਾਲ ਜਿੱਤ ਹਾਸਲ ਕੀਤੀ। ਵਾਰਡ 9 ਜਗਾਧਰੀ ਤੋਂ ਐਸ.ਐਸ.ਐਸ. ਦੇ ਜੋਗਾ ਸਿੰਘ ਨੇ 2080 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ।
ਇਸ ਚੋਣ ਵਿਚ ਚਾਰ ਪ੍ਰਮੁੱਖ ਸਿੱਖ ਆਗੂਆਂ ਸੰਤ ਬਲਜੀਤ ਸਿੰਘ ਦਾਦੂਵਾਲ, ਜਗਦੀਸ਼ ਸਿੰਘ ਝੀਂਡਾ, ਬਲਦੇਵ ਸਿੰਘ ਕਾਇਮਪੁਰੀ ਅਤੇ ਦੀਦਾਰ ਸਿੰਘ ਨਲਵੀ ਧੜਿਆਂ ਦੀ ਸਾਖ ਦਾਅ ’ਤੇ ਲੱਗੀ ਹੋਈ ਸੀ। ਦਾਦੂਵਾਲ ਦੀ ਟੀਮ ਨੇ ਸ਼੍ਰੋਮਣੀ ਅਕਾਲੀ ਦਲ (ਹਰਿਆਣਾ) ਆਜ਼ਾਦ ਦੇ ਬੈਨਰ ਹੇਠ ਚੋਣ ਲੜੀ ਜਦਕਿ ਝੀਂਡਾ ਦੀ ਟੀਮ ਨੇ ਪੰਥਕ ਦਲ (ਝੀਂਡਾ) ਦੇ ਬੈਨਰ ਹੇਠ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ। ਕਾਇਮਪੁਰੀ ਦੀ ਟੀਮ ਨੇ ਹਰਿਆਣਾ ਸਿੱਖ ਪੰਥਕ ਦਲ ਦੇ ਬੈਨਰ ਹੇਠ ਤਾਲ ਠੋਕੀ ਸੀ ਜਦਕਿ ਦੀਦਾਰ ਸਿੰਘ ਨਲਵੀ ਦੇ ਉਮੀਦਵਾਰ ਸਿੱਖ ਸਿੱਖ ਸਮਾਜ ਸੰਸਥਾ ਦੇ ਉਮੀਦਵਾਰਾਂ ਵਜੋਂ ਮੈਦਾਨ ਵਿਚ ਉਤਰੇ ਸਨ। ਕਾਲਾਂਵਲੀ ਦੇ ਵਾਰਡ 35 ਤੋਂ ਚੋਣ ਲੜਨ ਵਾਲੇ ਸੰਤ ਬਲਜੀਤ ਸਿੰਘ ਦਾਦੂਵਾਲ ਦੀ ਹਾਰ ’ਤੇ ਸਿੱਖ ਸੰਗਤ ਹੈਰਾਨੀ ਵਿਚ ਹੈ। ਉਨ੍ਹਾਂ ਨੂੰ ਹਰਾਉਣ ਵਾਲੇ ਐਡਵੋਕੇਟ ਬਿੰਦਰ ਸਿੰਘ ਖ਼ਾਲਸਾ ਦੀ ਉਮਰ ਸਿਰਫ਼ 28 ਸਾਲ ਹੈ। ਚੋਣ ਮੈਦਾਨ ਵਿਚ 164 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਇਆ, ਜਿਨ੍ਹਾਂ ਵਿਚੋਂ 40 ਉਮੀਦਵਾਰਾਂ ਦੀ ਚੋਣ ਕੀਤੀ ਗਈ। ਇਨ੍ਹਾਂ ਤੋਂ ਇਲਾਵਾ ਨੌਂ ਮੈਂਬਰ ਨਾਮਜ਼ਦ ਕੀਤੇ ਜਾਣਗੇ। ਇਨ੍ਹਾਂ 164 ਉਮੀਦਵਾਰਾਂ ਵਿਚ ਸੱਤ ਮਹਿਲਾ ਉਮੀਦਵਾਰ ਅਤੇ 157 ਪੁਰਸ਼ ਉਮੀਦਵਾਰਾਂ ਨੇ ਚੋਣਾਂ ਵਿਚ ਕਿਸਮਤ ਅਜ਼ਮਾਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।